ਮਾਨਯੋਗ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ, 80 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ: ਸੌਂਦ



• ਇਤਿਹਾਸਕ ਮੌਕੇ ਦੀ ਯਾਦ ਵਿੱਚ ਰਾਜ ਭਰ ਵਿੱਚ 650 ਗੁਰੂ ਰਵਿਦਾਸ ਬਾਗ ਅਤੇ 6.50 ਲੱਖ ਬੂਟੇ ਲਗਾਏ ਜਾਣਗੇ; 4 ਰਾਜਾਂ ਤੋਂ ਕੱਢੀਆਂ ਜਾਣਗੀਆਂ ਸ਼ੋਭਾ ਯਾਤਰਾਵਾਂ ਅਤੇ ਡਰੋਨ ਸ਼ੋਅ ਕੀਤੇ ਜਾਣਗੇ: ਸੈਰ ਸਪਾਟਾ ਮੰਤਰੀ

• ਮੀਨਾਰ-ਏ-ਬੇਗਮਪੁਰਾ ਵਿਖੇ 3ਡੀ ਪ੍ਰੋਜੈਕਸ਼ਨ ਅਤੇ ਖੁਰਾਲਗੜ੍ਹ ਵਿਖੇ ਤਿੰਨ ਦਿਨਾਂ ਰਾਜ ਪੱਧਰੀ ਸਮਾਗਮ ਅਤੇ ਡਰੋਨ ਸ਼ੋਅ ਮੁੱਖ ਆਕਰਸ਼ਣ ਹੋਣਗੇ।

ਚੰਡੀਗੜ੍ਹ, 14 ਜੁਲਾਈ:

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮਹਾਨ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਅਤੇ ਬਰਾਬਰਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਸਾਲ ਭਰ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ।
ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ 80 ਕਰੋੜ ਰੁਪਏ ਪਹਿਲਾਂ ਹੀ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜ ਪੈਣ ‘ਤੇ ਹੋਰ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਸ: ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਸ਼ਾਨਦਾਰ ਸਮਾਗਮ ਪੜਾਅਵਾਰ ਉਲੀਕੇ ਗਏ ਹਨ ਅਤੇ ਇਹ ਸਮਾਗਮ ਸਾਰਾ ਸਾਲ ਜਾਰੀ ਰਹਿਣਗੇ, ਜਿਸ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਅਕਾਲ ਪੁਰਖੀ ਸਿੱਖਿਆਵਾਂ ਨੂੰ ਪੰਜਾਬ ਦੇ ਕੋਨੇ-ਕੋਨੇ ਅਤੇ ਵਿਸ਼ਵ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਧਾਰਮਿਕ, ਵਿਦਿਅਕ ਅਤੇ ਵਾਤਾਵਰਣ ਸੰਬੰਧੀ ਪਹਿਲਕਦਮੀਆਂ ਰਾਹੀਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕਰਨ ਲਈ ਤਿਆਰ ਕੀਤੇ ਗਏ ਹਨ।
ਸ: ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਆਧਾਰਿਤ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13 ਹਜ਼ਾਰ ਤੋਂ ਵੱਧ ਪਿੰਡਾਂ ਵਿਚ 30 ਮਿੰਟ ਦੀਆਂ ਦਸਤਾਵੇਜ਼ੀ ਫ਼ਿਲਮਾਂ ਵੀ ਦਿਖਾਈਆਂ ਜਾ ਰਹੀਆਂ ਹਨ |
ਕੈਬਨਿਟ ਮੰਤਰੀ ਨੇ ਦੱਸਿਆ ਕਿ ਜੁਲਾਈ ਤੋਂ ਨਵੰਬਰ ਤੱਕ ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫੇ ਅਤੇ ਵਿਰਾਸਤ ਬਾਰੇ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ, ਜਦਕਿ ਅਗਸਤ ਤੋਂ ਨਵੰਬਰ ਦਰਮਿਆਨ ਵਿਧਾਨ ਸਭਾ ਹਲਕਿਆਂ ਵਿੱਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੇ ਡਰੋਨ ਸ਼ੋਅ ਵੀ ਕਰਵਾਏ ਜਾਣਗੇ।
ਉਨ•ਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਭਰ ਵਿੱਚ 650 ਗੁਰੂ ਰਵਿਦਾਸ ਜੀ ਬਾਗ ਲਗਾਏ ਜਾਣਗੇ, 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ, ਅਗਸਤ ਮਹੀਨੇ ਵਿੱਚ ਸਾਰੇ ਜ਼ਿਲਾ ਹੈੱਡਕੁਆਰਟਰਾਂ ‘ਤੇ “ਸਮਾਨਤਾ ਲਈ ਦੌੜ” ਮੈਰਾਥਨ ਕਰਵਾਈ ਜਾਵੇਗੀ ਅਤੇ ਸਤੰਬਰ ਮਹੀਨੇ ਵਿੱਚ ਸਾਰੇ ਜ਼ਿਲਾ ਹੈੱਡਕੁਆਰਟਰਾਂ ‘ਤੇ ਸਾਈਕਲ ਰੈਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਸੂਬੇ ਭਰ ਵਿੱਚ 6.50 ਲੱਖ ਯਾਦਗਾਰੀ ਝੰਡੇ ਵੰਡੇ ਜਾਣਗੇ।
ਧਾਰਮਿਕ ਸਮਾਗਮਾਂ ਬਾਰੇ ਚਾਨਣਾ ਪਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ 5 ਤੋਂ 8 ਅਕਤੂਬਰ ਤੱਕ ਚਾਰ ਸ਼ੋਭਾ ਯਾਤਰਾਵਾਂ ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼ੁਰੂ ਹੋ ਕੇ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਸਮਾਗਮ 9 ਤੋਂ 11 ਅਕਤੂਬਰ, 2026 ਤੱਕ ਖੁਰਾਲਗੜ੍ਹ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਸਮਾਗਮ ਨਾਲ ਸੰਪੰਨ ਹੋਣਗੇ।
ਪਹਿਲੇ ਦਿਨ (9 ਅਕਤੂਬਰ) ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ‘ਤੇ ਆਧਾਰਿਤ ਕਥਾ ਤੇ ਕੀਰਤਨ ਦਰਬਾਰ, ਸੰਤ ਸਮਾਗਮ ਅਤੇ ਗੁਰੂ ਜੀ ਦੀ ਬਾਣੀ ‘ਤੇ ਕਾਨਫ਼ਰੰਸ ਦਾ ਆਯੋਜਨ ਕੀਤਾ ਜਾਵੇਗਾ |
10 ਅਕਤੂਬਰ ਨੂੰ ਸੰਗਤਾਂ ਲਈ ਮੀਨਾਰ-ਏ-ਬੇਗਮਪੁਰਾ ਵਿਖੇ ਕਥਾ ਅਤੇ ਕੀਰਤਨ ਦਰਬਾਰ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਬਾਰੇ ਕਾਨਫਰੰਸ, ਸ਼ਾਨਦਾਰ 3ਡੀ ਪ੍ਰੋਜੈਕਸ਼ਨ ਅਤੇ ਡਰੋਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ।
ਆਖਰੀ ਦਿਨ 11 ਅਕਤੂਬਰ ਨੂੰ ਕਥਾ ਤੇ ਕੀਰਤਨ ਦਰਬਾਰ, ਬੇਗਮਪੁਰਾ ਸਮਾਗਮ, ਮਿਨਾਰ-ਏ-ਬੇਗਮਪੁਰਾ ਵਿਖੇ ਇੱਕ ਹੋਰ 3ਡੀ ਪ੍ਰੋਜੈਕਸ਼ਨ ਅਤੇ ਸ਼ਾਨਦਾਰ ਡਰੋਨ ਸ਼ੋਅ ਹੋਵੇਗਾ।
ਇਨ੍ਹਾਂ ਸਮਾਗਮਾਂ ਨੂੰ ਮੁੱਖ ਖਿੱਚ ਦਾ ਕੇਂਦਰ ਦੱਸਦਿਆਂ ਸ: ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਆਧੁਨਿਕ ਤਕਨੀਕ ਅਤੇ ਸਾਰਥਕ ਜਨ ਭਾਗੀਦਾਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾਵਾਦੀ ਆਦਰਸ਼ਾਂ ਅਤੇ ਅਧਿਆਤਮਿਕ ਸਿੱਖਿਆਵਾਂ ਨਾਲ ਜੁੜ ਸਕੇ।
ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਇਨ੍ਹਾਂ ਸਮਾਗਮਾਂ ਨੂੰ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਵਚਨਬੱਧ ਹੈ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਦਿੱਤਾ ਗਿਆ ਸਮਾਨਤਾ, ਸਮਾਜਿਕ ਸਦਭਾਵਨਾ, ਭਾਈਚਾਰਾ ਅਤੇ ਮਾਨਵੀ ਸਨਮਾਨ ਦਾ ਵਿਸ਼ਵ-ਵਿਆਪੀ ਸੰਦੇਸ਼ ਹਰ ਘਰ ਤੱਕ ਪਹੁੰਚ ਸਕੇ।

ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੀਵ ਤਿਵਾੜੀ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top