ਭਾਜਪਾ ਵਿਰੋਧੀ ਸਰਕਾਰਾਂ ਨੂੰ ਕੁਚਲਣ ਲਈ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ ਦੀ ਵਰਤੋਂ ਕਰ ਰਹੀ ਹੈ: ਹਰਪਾਲ ਸਿੰਘ ਚੀਮਾ


ਭਾਜਪਾ ਦੀ ਤਾਨਾਸ਼ਾਹੀ ਸਿਆਸਤ ਕਾਰਨ ਬਾਬਾ ਸਾਹਿਬ ਅੰਬੇਡਕਰ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਖਤਰੇ ‘ਚ : ਹਰਪਾਲ ਸਿੰਘ ਚੀਮਾ*

*ਡਰ ਕੇ ਭਾਜਪਾ ਵਿਚ ਸ਼ਾਮਲ ਹੋ ਜਾਂਦੇ ਹਨ, ਨਾਂਹ ਕਰਨ ਵਾਲੇ ਨੂੰ ਜੇਲ੍ਹ ਭੇਜਿਆ ਜਾਂਦਾ ਹੈ: ਹਰਪਾਲ ਸਿੰਘ ਚੀਮਾ*

*ਪੱਛਮੀ ਬੰਗਾਲ ਚੋਣਾਂ ਤੋਂ ਬਾਅਦ, ਭਾਜਪਾ ਨੇ ਧਮਕਾਉਣ ਦੀ ਰਾਜਨੀਤੀ ਨੂੰ ਦੁਹਰਾਉਣ ਲਈ ਈਡੀ ਦਾ ਧਿਆਨ ਪੰਜਾਬ ਵੱਲ ਕੀਤਾ: ਹਰਪਾਲ ਸਿੰਘ ਚੀਮਾ*

*ਈਡੀ ਨੇ ਅਸ਼ੋਕ ਮਿੱਤਲ ‘ਤੇ ਭਾਜਪਾ ਵਿਚ ਸ਼ਾਮਲ ਹੋਣ ਲਈ ਦਬਾਅ ਪਾਇਆ ਅਤੇ ਇਨਕਾਰ ਕਰਨ ‘ਤੇ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕੀਤਾ: ਹਰਪਾਲ ਸਿੰਘ ਚੀਮਾ*

ਲੋਕਤੰਤਰ ਅਤੇ ਸੰਵਿਧਾਨ ‘ਤੇ ਭਾਜਪਾ ਦੇ ਹਮਲਿਆਂ ਦਾ ਜਵਾਬ 3 ਕਰੋੜ ਪੰਜਾਬ ਦੇਣਗੇ: ਹਰਪਾਲ ਸਿੰਘ ਚੀਮਾ*

ਚੰਡੀਗੜ੍ਹ, 9 ਮਈ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਨੂੰ ਕੁਚਲਣ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕਰਨ ਅਤੇ ਲੋਕਤੰਤਰ ਨੂੰ ਯੋਜਨਾਬੱਧ ਢੰਗ ਨਾਲ ਢਾਹ ਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ 3 ਕਰੋੜ ਪੰਜਾਬੀ ਪੰਜਾਬ ਨੂੰ ਨਿਸ਼ਾਨਾ ਬਣਾਉਣ ਵਾਲੀ ਭਾਜਪਾ ਦੇ ਮੂੰਹ ‘ਤੇ ਕਰਾਰੀ ਚਪੇੜ ਦੇਣਗੇ ਅਤੇ ਭਾਜਪਾ ਦੀ ਬਦਲੇ ਦੀ ਰਾਜਨੀਤੀ ਅਤੇ ਡਰਾਉਣ-ਧਮਕਾਉਣ ਦੀ ਸਿਆਸਤ ਨੂੰ ਬੇਨਕਾਬ ਕਰਨ ਲਈ ‘ਆਪ’ ਵਰਕਰਾਂ ਵੱਲੋਂ ਭਾਜਪਾ ਦਫ਼ਤਰਾਂ ਦੀ ਘੇਰਾਬੰਦੀ ਕਰਨ ਦਾ ਵੀ ਐਲਾਨ ਕੀਤਾ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਵਰਗੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਸਥਾਪਤ ਲੋਕਤੰਤਰ ਅੱਜ ਭਾਜਪਾ ਤੋਂ ਗੰਭੀਰ ਖ਼ਤਰੇ ਵਿੱਚ ਹੈ। ਦੇਸ਼ ਦੀ ਆਜ਼ਾਦੀ ਅਤੇ ਜਮਹੂਰੀਅਤ ਦੀ ਸਥਾਪਨਾ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਹੁਣ ਭਾਜਪਾ ਦੀ ਤਾਨਾਸ਼ਾਹੀ ਸਿਆਸਤ ਕਾਰਨ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਵੱਲੋਂ ਘੜਿਆ ਸੰਵਿਧਾਨ ਖ਼ਤਰੇ ਵਿੱਚ ਹੈ।

ਕੇਂਦਰੀ ਏਜੰਸੀਆਂ ਦੀ ਭੂਮਿਕਾ ‘ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਿੱਥੇ ਵੀ ਵਿਰੋਧੀ ਸ਼ਾਸਿਤ ਰਾਜਾਂ ‘ਚ ਚੋਣਾਂ ਹੋਣੀਆਂ ਹੁੰਦੀਆਂ ਹਨ, ਉੱਥੇ ਭਾਜਪਾ ਪਹਿਲਾਂ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਏਜੰਸੀਆਂ ਭੇਜਦੀ ਹੈ ਅਤੇ ਚੋਣ ਕਮਿਸ਼ਨ ਦੀ ਵਰਤੋਂ ਕਰਕੇ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਦੀ ਹੈ। ਇਹ ਏਜੰਸੀਆਂ ਕਦੇ ਵੀ ਭਾਜਪਾ ਸ਼ਾਸਤ ਰਾਜਾਂ ਵਿੱਚ ਨਹੀਂ ਵਰਤੀਆਂ ਜਾਂਦੀਆਂ ਹਨ ਕਿਉਂਕਿ ਭਾਜਪਾ ਦਾ ਇੱਕੋ ਇੱਕ ਉਦੇਸ਼ ਵਿਰੋਧੀ ਸਰਕਾਰਾਂ ਨੂੰ ਅਸਥਿਰ ਕਰਨਾ ਅਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਦਾ ਹੈ।

ਪੰਜਾਬ ਵਿੱਚ ਹਾਲ ਹੀ ਵਿੱਚ ਈਡੀ ਦੀ ਕਾਰਵਾਈ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਤਰੀ ਨੇ ਅੱਗੇ ਕਿਹਾ ਕਿ ਪੱਛਮੀ ਬੰਗਾਲ ਚੋਣਾਂ ਤੋਂ ਤੁਰੰਤ ਬਾਅਦ ਈਡੀ ਨੇ ਆਪਣਾ ਧਿਆਨ ਪੰਜਾਬ ਵੱਲ ਮੋੜ ਲਿਆ। ਭਾਜਪਾ ਪੰਜਾਬ ਵਿੱਚ ਵੀ ਡਰਾਉਣ-ਧਮਕਾਉਣ ਅਤੇ ਸਿਆਸੀ ਹੇਰਾਫੇਰੀ ਦੇ ਉਸੇ ਮਾਡਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਨੇ ਪਹਿਲਾਂ ਵਪਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ‘ਤੇ ਭਾਜਪਾ ‘ਚ ਸ਼ਾਮਲ ਹੋਣ ਲਈ ਦਬਾਅ ਪਾਇਆ। ਇਸ ਤੋਂ ਤੁਰੰਤ ਬਾਅਦ ਈਡੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਪਹੁੰਚੀ। ਸੰਜੀਵ ਅਰੋੜਾ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਅਤੇ ਇਸ ਤੋਂ ਬਾਅਦ ਜੋ ਹੋਇਆ, ਉਸ ਨੂੰ ਪੂਰੇ ਦੇਸ਼ ਨੇ ਦੇਖਿਆ—ਦਿਨ ਭਰ ਛਾਪੇਮਾਰੀ ਅਤੇ ਫਿਰ ਗ੍ਰਿਫਤਾਰੀਆਂ।

ਭਾਜਪਾ ਦੀ ਕਾਰਜਪ੍ਰਣਾਲੀ ਬਾਰੇ ਦੱਸਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਭਾਜਪਾ ਦਾ ਮਾਡਲ ਸਧਾਰਨ ਹੈ। ਜਿਹੜੇ ਡਰਦੇ ਹਨ, ਉਹ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ, ਅਤੇ ਜੋ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਭਾਜਪਾ ਜਾਣਬੁੱਝ ਕੇ ਵਿਰੋਧੀ ਸ਼ਾਸਿਤ ਰਾਜਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਤਾਂ ਜੋ ਜਾਂ ਤਾਂ ਨੇਤਾਵਾਂ ਨੂੰ ਝੁਕਣ ਲਈ ਮਜ਼ਬੂਰ ਕੀਤਾ ਜਾ ਸਕੇ ਜਾਂ ਕੇਂਦਰੀ ਏਜੰਸੀਆਂ ਰਾਹੀਂ ਉਨ੍ਹਾਂ ਨੂੰ ਫਸਾਇਆ ਜਾ ਸਕੇ। ਪੱਛਮੀ ਬੰਗਾਲ ਚੋਣਾਂ ਦੌਰਾਨ ਭਾਜਪਾ ਨੇ ਸੱਤਾ ਹਥਿਆਉਣ ਲਈ 90 ਲੱਖ ਵੋਟਰਾਂ ਨੂੰ ਵੋਟਰ ਸੂਚੀ ਵਿੱਚੋਂ ਕੱਟ ਦਿੱਤਾ ਸੀ। ਭਾਜਪਾ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਹੀ ਚਾਲਾਂ ਨੂੰ ਦੁਹਰਾਉਣ ਦੇ ਸੁਪਨੇ ਦੇਖ ਰਹੀ ਹੈ, ਪਰ ਪੰਜਾਬੀ ਅਜਿਹੀ ਸਿਆਸਤ ਅੱਗੇ ਕਦੇ ਨਹੀਂ ਝੁਕਣਗੇ।

ਪੰਜਾਬ ਦੇ ਇਨਕਲਾਬੀ ਵਿਰਸੇ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਦੀਆਂ ਰਗਾਂ ਵਿੱਚ ਇਨਕਲਾਬੀਆਂ ਅਤੇ ਸ਼ਹੀਦਾਂ ਦਾ ਖੂਨ ਵਗਦਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਭਾਵਨਾ ਹਰ ਪੰਜਾਬੀ ਦੇ ਅੰਦਰ ਵੱਸਦੀ ਹੈ। ਜੇਕਰ ਭਾਜਪਾ ਨੇ ਪੰਜਾਬ ਵਿਚ ਅਜਿਹੀਆਂ ਕਾਰਵਾਈਆਂ ਜਾਰੀ ਰੱਖੀਆਂ ਤਾਂ 3 ਕਰੋੜ ਪੰਜਾਬੀਆਂ ਦੇ ਮੂੰਹ ‘ਤੇ ਚਪੇੜ ਮਾਰ ਕੇ ਜਵਾਬ ਦਿੱਤਾ ਜਾਵੇਗਾ।

ਉਨ੍ਹਾਂ ਸੰਜੀਵ ਅਰੋੜਾ ਖ਼ਿਲਾਫ਼ ਈਡੀ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ‘ਆਪ’ ਵਰਕਰ ਅਤੇ ਵਲੰਟੀਅਰ ਐਤਵਾਰ ਨੂੰ ਪੰਜਾਬ ਭਰ ਵਿੱਚ ਭਾਜਪਾ ਦੇ ਮੁੱਖ ਦਫ਼ਤਰਾਂ ਅਤੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ।

ਸੂਬਾ ਵਿਆਪੀ ਰੋਸ ਮੁਜ਼ਾਹਰਿਆਂ ਦਾ ਐਲਾਨ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ‘ਆਪ’ ਵਰਕਰ ਸੂਬੇ ਭਰ ਵਿੱਚ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨਗੇ ਤਾਂ ਜੋ ਇਹ ਨੰਗਾ ਕੀਤਾ ਜਾ ਸਕੇ ਕਿ ਕਿਵੇਂ ਭਾਜਪਾ ਸਿਆਸੀ ਬਦਲਾਖੋਰੀ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਤੰਤਰ ਅਤੇ ਸੰਵਿਧਾਨ ਲਈ ਖਤਰਾ ਪੈਦਾ ਕਰ ਰਹੀ ਹੈ।

Leave a Comment

Your email address will not be published. Required fields are marked *

Scroll to Top