ਭਗਵੰਤ ਮਾਨ ਸਰਕਾਰ ਨੇ ਬੱਚਿਆਂ ਦੀ ਮੁੱਢਲੀ ਦੇਖਭਾਲ ਅਤੇ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦੀ ਉਸਾਰੀ ਦਾ ਬੀੜਾ ਚੁੱਕਿਆ ਹੈ: ਡਾ: ਬਲਜੀਤ ਕੌਰ



*ਬਾਕੀ 132 ਆਂਗਣਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਹਨ, ਜਲਦੀ ਹੀ ਬੱਚਿਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ: ਡਾ ਬਲਜੀਤ ਕੌਰ*

ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਹਰ ਬੱਚਾ ਮਿਆਰੀ ਮੁੱਢਲੀ ਸਿੱਖਿਆ ਦਾ ਹੱਕਦਾਰ: ਡਾ: ਬਲਜੀਤ ਕੌਰ*

*ਆਧੁਨਿਕ ਆਂਗਣਵਾੜੀ ਕੇਂਦਰ ਬੱਚਿਆਂ ਦੇ ਮੁੱਢਲੀ ਸਿੱਖਿਆ, ਬਿਹਤਰ ਪੋਸ਼ਣ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਗੇ: ਡਾ. ਬਲਜੀਤ ਕੌਰ*

*ਮਿਸ਼ਨ ਸਕਸ਼ਮ ਦੇ ਤਹਿਤ ਪ੍ਰਤੀ ਕੇਂਦਰ 10 ਲੱਖ ਰੁਪਏ ਜਾਰੀ ਕੀਤੇ ਗਏ; 132 ਹੋਰ ਕੇਂਦਰ ਅੰਤਿਮ ਪੜਾਅ ਵਿੱਚ*

ਚੰਡੀਗੜ੍ਹ; 9 ਜੁਲਾਈ:

ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਮੁਢਲੀ ਦੇਖਭਾਲ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦੀ ਉਸਾਰੀ ਮੁਕੰਮਲ ਕਰ ਲਈ ਹੈ। ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਰਾਜ ਵਿੱਚ ਬਾਲ-ਅਨੁਕੂਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇਸੇ ਲੜੀ ਤਹਿਤ 132 ਹੋਰ ਆਂਗਣਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਹਨ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਭਰ ਦੇ ਬੱਚਿਆਂ ਕੋਲ ਸੁਰੱਖਿਅਤ, ਆਧੁਨਿਕ ਅਤੇ ਕਿਫਾਇਤੀ ਪ੍ਰਾਈਵੇਟ ਸਕੂਲ-ਸ਼ੈਲੀ ਦੇ ਸ਼ੁਰੂਆਤੀ ਸਿੱਖਣ ਦੇ ਮਾਹੌਲ ਅਤੇ ਖੇਡਾਂ-ਅਧਾਰਿਤ ਸਿੱਖਣ ਦੇ ਮੌਕਿਆਂ ਤੱਕ ਪਹੁੰਚ ਹੋਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 1024 ਨਵੇਂ ਆਂਗਣਵਾੜੀ ਕੇਂਦਰਾਂ ਦੀ ਉਸਾਰੀ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਵਿੱਚ 892 ਕੇਂਦਰਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਬਾਕੀ 132 ਕੇਂਦਰਾਂ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ ‘ਤੇ ਹੈ ਅਤੇ ਜਲਦੀ ਹੀ ਪੂਰਾ ਕਰਕੇ ਸੂਬੇ ਦੇ ਬੱਚਿਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰੇਕ ਬੱਚੇ ਨੂੰ ਭਾਵੇਂ ਉਸ ਦਾ ਆਰਥਿਕ ਪਿਛੋਕੜ ਕੋਈ ਵੀ ਹੋਵੇ, ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਮਿਆਰੀ ਮੁੱਢਲੀ ਸਿੱਖਿਆ ਦਾ ਮਾਹੌਲ ਅਤੇ ਖੇਡਾਂ ‘ਤੇ ਆਧਾਰਿਤ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਰਾਹ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਨੇ ਕਿਹਾ, “ਬੱਚੇ ਦੇਸ਼ ਦੀ ਅਨਮੋਲ ਵਿਰਾਸਤ ਹਨ। ਹਰ ਬੱਚਾ ਇੱਕ ਸੁਰੱਖਿਅਤ, ਆਨੰਦਮਈ ਅਤੇ ਸਿਰਜਣਾਤਮਕ ਮਾਹੌਲ ਦਾ ਹੱਕਦਾਰ ਹੈ ਜਿੱਥੇ ਉਹ ਸਿੱਖ ਸਕਦਾ ਹੈ, ਖੇਡ ਸਕਦਾ ਹੈ ਅਤੇ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰ ਸਕਦਾ ਹੈ। ਸਾਡੀ ਸਰਕਾਰ ਹਰ ਬੱਚੇ ਲਈ ਬਰਾਬਰ ਦੇ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ, ਚਾਹੇ ਉਸਦੇ ਸਮਾਜਿਕ-ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ।”

ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ, “ਇਹ ਨਵੇਂ ਆਂਗਣਵਾੜੀ ਕੇਂਦਰ ਇੱਟਾਂ-ਰੋੜੇ ਦੀਆਂ ਇਮਾਰਤਾਂ ਨਾਲੋਂ ਕਿਤੇ ਵੱਧ ਹਨ। ਇਹ ਅਜਿਹੇ ਸਥਾਨ ਹਨ ਜਿੱਥੇ ਪੇਂਡੂ ਅਤੇ ਪਛੜੇ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਸਾਕਾਰ ਹੋਣਗੇ। ਸਾਫ਼-ਸੁਥਰੇ, ਸੁਰੱਖਿਅਤ ਅਤੇ ਚੰਗੀ ਨਿਗਰਾਨੀ ਵਾਲੇ ਮਾਹੌਲ ਵਿੱਚ ਸਿੱਖਣ ਅਤੇ ਖੇਡਦੇ ਹੋਏ ਬੱਚੇ ਦੇ ਚਿਹਰੇ ‘ਤੇ ਮੁਸਕਰਾਹਟ ਦੇਖਣਾ ਕਿਸੇ ਵੀ ਸਰਕਾਰ ਲਈ ਸਭ ਤੋਂ ਵੱਡਾ ਇਨਾਮ ਹੈ।”

ਉਨ੍ਹਾਂ ਅੱਗੇ ਕਿਹਾ, “ਇਹ ਕੇਂਦਰ ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਬੋਧਾਤਮਕ ਵਿਕਾਸ ਨੂੰ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ।”

ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ, “ਸੁਰੱਖਿਅਤ, ਬਾਲ-ਅਨੁਕੂਲ ਅਤੇ ਸੰਮਲਿਤ ਬੁਨਿਆਦੀ ਢਾਂਚਾ ਸਿਰਜਣ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਸਾਰੇ ਨਵੇਂ ਆਂਗਣਵਾੜੀ ਕੇਂਦਰਾਂ ਨੂੰ ਨਿਰਧਾਰਿਤ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ। ਮਿਸ਼ਨ ਸਕਸ਼ਮ ਦੇ ਤਹਿਤ ਹਰੇਕ ਆਂਗਣਵਾੜੀ ਕੇਂਦਰ ਲਈ 10 ਲੱਖ ਰੁਪਏ ਜਾਰੀ ਕੀਤੇ ਗਏ ਹਨ ਤਾਂ ਕਿ ਬੈਠਣ ਦੇ ਢੁਕਵੇਂ ਪ੍ਰਬੰਧ, ਪੀਣ ਵਾਲੇ ਸਾਫ਼ ਪਾਣੀ, ਸਾਫ਼-ਸਫ਼ਾਈ ਦੀਆਂ ਆਧੁਨਿਕ ਸਹੂਲਤਾਂ ਦਾ ਵਿਕਾਸ ਕੀਤਾ ਜਾ ਸਕੇ।”

ਮੰਤਰੀ ਡਾ: ਬਲਜੀਤ ਕੌਰ ਨੇ ਸਪੱਸ਼ਟ ਕੀਤਾ, “ਪੰਜਾਬ ਸਰਕਾਰ ਬੱਚਿਆਂ ਲਈ ਵਿਸ਼ਵ ਪੱਧਰੀ ਗੁਣਵੱਤਾ ਦੀ ਸ਼ੁਰੂਆਤੀ ਦੇਖਭਾਲ ਅਤੇ ਸਿੱਖਿਆ ਵਿੱਚ ਨਿਵੇਸ਼ ਕਰਕੇ ਭਵਿੱਖ ਲਈ ਇੱਕ ਮਜ਼ਬੂਤ ​​ਨੀਂਹ ਬਣਾਉਣ ਲਈ ਆਪਣੀ ਵਚਨਬੱਧਤਾ ‘ਤੇ ਦ੍ਰਿੜ ਹੈ। ਇਹ ਅਤਿ-ਆਧੁਨਿਕ ਆਂਗਣਵਾੜੀ ਕੇਂਦਰ ਇਹ ਯਕੀਨੀ ਬਣਾਉਣਗੇ ਕਿ ਹਰ ਬੱਚੇ ਨੂੰ ਪਾਲਣ ਪੋਸ਼ਣ ਵਾਲਾ ਮਾਹੌਲ ਅਤੇ ਸਿਹਤਮੰਦ, ਆਤਮ ਵਿਸ਼ਵਾਸੀ ਨਾਗਰਿਕ ਬਣਨ ਦੇ ਬਰਾਬਰ ਮੌਕੇ ਮਿਲੇ।”

____

Leave a Comment

Your email address will not be published. Required fields are marked *

Scroll to Top