ਰਾਜਸਥਾਨ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਦੋਸ਼ੀ ਵਿਸ਼ਨੂੰ ‘ਤੇ ਰੱਖਿਆ 10 ਹਜ਼ਾਰ ਦਾ ਇਨਾਮ: ਡੀਜੀਪੀ ਗੌਰਵ ਯਾਦਵ*
ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਤੁਰੰਤ ਕਾਬੂ ਕਰ ਲਿਆ: ਏ.ਡੀ.ਜੀ.ਪੀ. ਏ.ਜੀ.ਟੀ.ਐਫ. ਪ੍ਰਮੋਦ ਬਾਨ*
ਚੰਡੀਗੜ੍ਹ/ਫਿਰੋਜ਼ਪੁਰ, 7 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪੰਜਾਬ ਨੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਿਰੋਜ਼ਪੁਰ ਪੁਲਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਪੂਰੇ ਤਾਲਮੇਲ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਜੰਮੂ-ਕਸ਼ਮੀਰ ਦੇ ਫਿਰੋਜ਼ਪੁਰ ਤੋਂ ਇਕ ਦੁਕਾਨਦਾਰ ਦੇ ਕਤਲ ਮਾਮਲੇ ‘ਚ ਸ਼ਾਮਲ ਰਾਜਸਥਾਨ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ।

ਫੜੇ ਗਏ ਵਿਅਕਤੀਆਂ ਦੀ ਪਛਾਣ ਵਿਸ਼ਨੂੰ ਕੁਮਾਰ ਵਾਸੀ ਰੂਪਬਾਸ, ਭਰਤਪੁਰ (ਰਾਜਸਥਾਨ) ਅਤੇ ਰਾਹੁਲ ਮਹਾਵਰ ਵਾਸੀ ਅਨੰਤਪੁਰਾ, ਕੋਟਾ (ਰਾਜਸਥਾਨ) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .30 ਬੋਰ ਬਰੇਟਾ ਪਿਸਤੌਲ 10 ਜਿੰਦਾ ਕਾਰਤੂਸ ਬਰਾਮਦ ਕੀਤੇ।
ਜਾਣਕਾਰੀ ਅਨੁਸਾਰ 1 ਜੂਨ 2026 ਨੂੰ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਫਿਰੋਜ਼ਪੁਰ ਦੇ ਮੱਖੂ ਵਿਖੇ ਗਾਬਾ ਜਨਰਲ ਸਟੋਰ ਦੇ ਮਾਲਕ ਗੁਰਚਰਨ ਸਿੰਘ ਗਾਬਾ ਦੀ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਸ਼ਨੂੰ ਦਾ ਫਿਰੌਤੀ, ਡਕੈਤੀ, ਚੋਰੀ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਸਬੰਧਤ ਅਪਰਾਧਿਕ ਪਿਛੋਕੜ ਹੈ ਅਤੇ ਰਾਜਸਥਾਨ ਪੁਲੀਸ ਵੱਲੋਂ ਉਸ ’ਤੇ 10,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਏ.ਜੀ.ਟੀ.ਐਫ. ਪ੍ਰਮੋਦ ਬਾਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਏ.ਜੀ.ਟੀ.ਐੱਫ. ਪੰਜਾਬ ਵੱਲੋਂ ਡੀ.ਐਸ.ਪੀ ਰਾਜਨ ਪਰਮਿੰਦਰ ਸਿੰਘ ਦੀ ਦੇਖ-ਰੇਖ ਹੇਠ “ਹਿੱਲ ਟ੍ਰੈਪ” ਨਾਮਕ ਇੱਕ ਵਿਸ਼ੇਸ਼ ਅਪ੍ਰੇਸ਼ਨ ਚਲਾਇਆ ਗਿਆ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਛਾਪਿਆਂ ਦੌਰਾਨ ਮੁਲਜ਼ਮਾਂ ਦੇ ਜੰਮੂ-ਕਸ਼ਮੀਰ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਏਜੀਟੀਐਫ ਨੇ ਤੁਰੰਤ ਕਾਰਵਾਈ ਕੀਤੀ। ਪੰਜਾਬ, ਫਿਰੋਜ਼ਪੁਰ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ।
ਏਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਦੇ ਪੁਲਿਸ ਸਟੇਸ਼ਨ ਕੁੱਦ ਨੇੜੇ ਝਾਂਤਾਟੋਪ-ਕੁਦ ਰੋਡ ‘ਤੇ ਇੱਕ ਚੈਕ ਪੋਸਟ ‘ਤੇ ਰੋਕਿਆ ਗਿਆ। ਪੁਲੀਸ ਟੀਮ ਨੂੰ ਦੇਖ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਜਲਦੀ ਹੀ ਦੋਵਾਂ ਮੁਲਜ਼ਮਾਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ।
ਫਿਰੋਜ਼ਪੁਰ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਟੀਮਾਂ ਹੁਣ ਇਸ ਘਟਨਾ ਪਿੱਛੇ ਅਸਲ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿੱਚ ਜੁਟੀਆਂ ਹੋਈਆਂ ਹਨ, ਜਿਸ ਤਹਿਤ ਹਮਲੇ ਦੀ ਸਾਜ਼ਿਸ਼ ਰਚਣ ਵਾਲੇ, ਵਿੱਤੀ ਸਹਾਇਤਾ ਜਾਂ ਹੋਰ ਸਹੂਲਤਾਂ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਮੱਖੂ, ਫਿਰੋਜ਼ਪੁਰ ਵਿਖੇ ਐਫ.ਆਈ.ਆਰ ਨੰ: 111 ਮਿਤੀ 01.06.2026 ਬੀ.ਐਨ.ਐਸ ਦੀ ਧਾਰਾ 103 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।
