6,131.91 ਕਰੋੜ ਸਾਲਾਨਾ ਸਮਾਜਿਕ ਸੁਰੱਖਿਆ ਬਜਟ ਲਗਭਗ 36 ਲੱਖ ਲਾਭਪਾਤਰੀਆਂ ਦੀ ਸੁਰੱਖਿਆ ਕਰਦਾ ਹੈ*
** ਬੁਢਾਪਾ ਪੈਨਸ਼ਨ ਲਈ 1,048 ਕਰੋੜ ਰੁਪਏ; ਔਰਤਾਂ, ਬੱਚਿਆਂ ਅਤੇ ਅਪੰਗ ਵਿਅਕਤੀਆਂ ਲਈ 535 ਕਰੋੜ ਜਾਰੀ ਕੀਤੇ ਗਏ**
**ਚੰਡੀਗੜ੍ਹ, 29 ਜੂਨ:**
ਪੰਜਾਬ ਭਰ ਦੇ ਹਜ਼ਾਰਾਂ ਬਜ਼ੁਰਗ ਨਾਗਰਿਕਾਂ ਅਤੇ ਲੋੜਵੰਦ ਪਰਿਵਾਰਾਂ ਲਈ, ਸਮੇਂ ਸਿਰ ਸਮਾਜਿਕ ਸੁਰੱਖਿਆ ਸਹਾਇਤਾ ਨਾ ਸਿਰਫ਼ ਵਿੱਤੀ ਮਦਦ ਹੈ, ਸਗੋਂ ਸਨਮਾਨ ਅਤੇ ਸੁਰੱਖਿਆ ਦਾ ਇੱਕ ਵੱਡਾ ਸਰੋਤ ਹੈ। ਇਸ ਵਚਨਬੱਧਤਾ ਤਹਿਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਸਰਕਾਰ ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥਾਂ ਅਤੇ ਅਪਾਹਜ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚ ਸਿੱਧਾ ਲਾਭ ਹੋਇਆ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਸਮਾਜਿਕ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਲੋੜਵੰਦਾਂ ਤੱਕ ਮਦਦ ਸਮੇਂ ਸਿਰ ਅਤੇ ਮਾਣ-ਮਰਿਆਦਾ ਨਾਲ ਪਹੁੰਚ ਸਕੇ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ, “ਸਾਡੀ ਸਰਕਾਰ ਲਈ, ਸਮਾਜਿਕ ਸੁਰੱਖਿਆ ਸਿਰਫ਼ ਇੱਕ ਬਜਟ ਉਪਬੰਧ ਨਹੀਂ ਹੈ, ਸਗੋਂ ਲੋੜਵੰਦਾਂ ਲਈ ਇੱਕ ਪਵਿੱਤਰ ਵਚਨਬੱਧਤਾ ਹੈ।” ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਲਈ 6,131.91 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਹੈ। ਇਹ ਇਤਿਹਾਸਕ ਬਜਟ ਉਪਬੰਧ ਰਾਜ ਦੇ ਲਗਭਗ 36 ਲੱਖ ਲਾਭਪਾਤਰੀਆਂ ਨੂੰ ਨਿਯਮਤ ਵਿੱਤੀ ਸਹਾਇਤਾ ਯਕੀਨੀ ਬਣਾ ਰਿਹਾ ਹੈ।
ਜਾਰੀ ਕੀਤੇ ਫੰਡਾਂ ਦੇ ਵੇਰਵੇ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਕੁੱਲ ਰਾਸ਼ੀ ਵਿੱਚੋਂ ਬੁਢਾਪਾ ਪੈਨਸ਼ਨ ਲਈ 1,048 ਕਰੋੜ ਰੁਪਏ ਤੋਂ ਵੱਧ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥਾਂ ਅਤੇ ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਦੇ ਲਾਭ ਲਈ ਹੋਰ ਚੱਲ ਰਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਬਲਜੀਤ ਕੌਰ ਨੇ ਦੁਹਰਾਇਆ ਕਿ ਵਿਭਾਗ ਨੇ ਭਲਾਈ ਸਕੀਮਾਂ ਦੇ ਲਾਭ ਦੀ ਵੰਡ ਦੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚਾਰੂ ਬਣਾਇਆ ਹੈ ਤਾਂ ਜੋ ਹਰੇਕ ਯੋਗ ਲਾਭਪਾਤਰੀ ਬਿਨਾਂ ਕਿਸੇ ਦੇਰੀ ਦੇ ਸਹਾਇਤਾ ਪ੍ਰਾਪਤ ਕਰ ਸਕੇ। ਇਹ ਕਦਮ ਸਮਾਜਿਕ ਤੌਰ ‘ਤੇ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਸਰਕਾਰ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ।
