ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਮਲੋਟ ਵਿਖੇ ਜ਼ਿਲ੍ਹਾ ਪੱਧਰੀ ਲੜਕੀਆਂ ਦਾ ਮੇਲਾ ਲਗਾਇਆ ਗਿਆ। ਇਸ ਮੇਲੇ ਦੀ ਪ੍ਰਧਾਨਗੀ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਅਤੇ ਰਾਜ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਡਾ: ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਿਹਨਤੀ ਤੇ ਬਹਾਦਰ ਔਰਤਾਂ ਨੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਉਨ੍ਹਾਂ ਮਲੋਟ ਹਲਕੇ ਵਿੱਚ ਨਿਯੁਕਤ 14 ਆਂਗਣਵਾੜੀ ਵਰਕਰਾਂ ਅਤੇ 94 ਹੈਲਪਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ।
ਇਸ ਮੌਕੇ ਸ੍ਰੀਮਤੀ ਮਾਤਾ ਹਰਪਾਲ ਕੌਰ ਨੇ ਬੀਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੀਸ ਸਿਰਫ਼ ਇੱਕ ਤਿਉਹਾਰ ਹੀ ਨਹੀਂ ਸਗੋਂ ਰਿਸ਼ਤਿਆਂ ਅਤੇ ਪੰਜਾਬੀ ਸੱਭਿਆਚਾਰ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਤਿਉਹਾਰਾਂ ਅਤੇ ਵਿਰਸੇ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ।
ਇਸ ਮੌਕੇ ਸੈਂਕੜੇ ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸ਼ਿਰਕਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਗਿੱਧਾ, ਬੋਲੀਆਂ, ਫੁਲਕਾਰੀ ਅਤੇ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ, ਸ੍ਰੀਮਤੀ ਹਰਪਾਲ ਕੌਰ ਅਤੇ ਸ੍ਰੀਮਤੀ ਰਾਜ ਲਾਲੀ ਗਿੱਲ ਚੇਅਰਮੈਨ ਰਾਜ ਮਹਿਲਾ ਕਮਿਸ਼ਨ ਪੰਜਾਬ ਨੇ ਵੀ ਮਹਿਲਾ ਸਵੈ-ਸਹਾਇਤਾ ਗਰੁੱਪ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਔਰਤਾਂ ਨਾਲ ਗਿੱਧਾ ਅਤੇ ਬੋਲੀਆਂ ਵੀ ਪਾਈਆਂ |
ਇਸ ਮੌਕੇ ਸ੍ਰੀ ਪੰਕਜ ਕੁਮਾਰ ਐਸ.ਡੀ.ਐਮ. ਮਲੋਟ, ਸ੍ਰੀਮਤੀ ਰਤਨਦੀਪ ਕੌਰ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਡਾ: ਸ਼ਿਵਾਨੀ ਨਾਗਪਾਲ ਡੀ.ਸੀ.ਪੀ.ਓ., ਰਾਜਵੰਤ ਕੌਰ ਸੀ.ਡੀ.ਪੀ.ਓ. ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਵਿੰਦਰ ਕੌਰ ਬਰਾੜ, ਸਿਮਰਜੀਤ ਸਿੰਘ ਬਰਾੜ ਡਾਇਰੈਕਟਰ ਸਹਿਕਾਰੀ ਸਭਾ, ਕੁਲਵਿੰਦਰ ਸਿੰਘ ਬਰਾੜ ਮੁੱਖ ਬੁਲਾਰੇ ਆਮ ਆਦਮੀ ਪਾਰਟੀ, ਪਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ, ਵੀਰਪਾਲ ਕੌਰ ਪ੍ਰਧਾਨ ਮਾਹਲਾ, ਜਸਮੀਤ ਸਿੰਘ ਬਰਾੜ ਮੀਤ ਪ੍ਰਧਾਨ ਨਗਰ ਕੌਂਸਲ, ਕੁਲਦੀਪ ਸਿੰਘ ਘੱਗਾ, ਸਰਪੰਚ ਜਗਸੀਰ ਆਦਿ ਹਾਜ਼ਰ ਸਨ।
