ਪਟਿਆਲਾ ਨਿਊਜ਼ : ਫਿਨਲੈਂਡ ਤੋਂ ਵਾਪਸ ਆਏ ਚਾਰ ਅਧਿਆਪਕਾਂ ਦਾ ਸਨਮਾਨ – ਅਧਿਆਪਕਾਂ ਨੂੰ ਫਿਨਲੈਂਡ ਭੇਜਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ – ਪ੍ਰਿਥੀ ਸਿੰਘ ਪੰਜਾਬ ਸਰਕਾਰ ਨੇ ਬਲਾਕ ਪਟਿਆਲਾ-2 ਦੇ ਚਾਰ ਅਧਿਆਪਕਾਂ ਨੂੰ ਫਿਨਲੈਂਡ ਤੋਂ ਟ੍ਰੇਨਿੰਗ ਲਈ ਭੇਜਿਆ ਸੀ, ਜੋ ਸਿਖਲਾਈ ਪ੍ਰਾਪਤ ਕਰਕੇ ਵਾਪਸ ਪਰਤ ਆਏ ਹਨ। ਇਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਯਾਦਵਿੰਦਰਾ ਕਲੋਨੀ ਦੀ ਅਧਿਆਪਕਾ ਇਮਨਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ਦੀ ਅਧਿਆਪਕਾ ਗਗਨਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਦੀਪ ਨਗਰ ਦੀ ਅਧਿਆਪਕਾ ਸਤਿੰਦਰਦੀਪ ਕੌਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਘੋਮਾਜਰਾ ਦੀ ਅਧਿਆਪਕਾ ਰੁਪਿੰਦਰਜੀਤ ਕੌਰ ਸ਼ਾਮਲ ਹਨ। ਇਨ੍ਹਾਂ ਅਧਿਆਪਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਪ੍ਰਿਥੀ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਕਰਵਾਏ ਸਨਮਾਨ ਸਮਾਰੋਹ ਮੌਕੇ ਬੋਲਦਿਆਂ ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅਧਿਆਪਕਾਂ ਨੂੰ ਚੰਗੀਆਂ ਤਕਨੀਕਾਂ ਨਾਲ ਪੜ੍ਹਾਉਣ ਦੇ ਮੰਤਵ ਨਾਲ ਸਿਖਲਾਈ ਲਈ ਫਿਨਲੈਂਡ ਭੇਜਣਾ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਿਨਲੈਂਡ ਵਿੱਚ ਸਿਖਲਾਈ ਲਈ ਭੇਜੇ ਜਾਣ ਵਾਲੇ ਅਧਿਆਪਕਾਂ ਲਈ ਨਿਰਧਾਰਿਤ ਸਕੇਲ ਅਨੁਸਾਰ ਯੋਗ ਅਧਿਆਪਕਾਂ ਨੂੰ ਹੀ ਸਿਖਲਾਈ ਲਈ ਫਿਨਲੈਂਡ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੇਰੇ ਆਪਣੇ ਬਲਾਕ ਪਟਿਆਲਾ-2 ਦੇ ਚਾਰ ਅਧਿਆਪਕ ਇਸ ਵਾਰ ਫਿਨਲੈਂਡ ਤੋਂ ਸਿਖਲਾਈ ਲੈ ਕੇ ਆਏ ਹਨ। ਇਹ ਅਧਿਆਪਕ ਅੱਗੇ ਜਾ ਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਫਿਨਲੈਂਡ ਦੀ ਸਿਖਲਾਈ ਦੌਰਾਨ ਸਿੱਖੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਗੇ। ਜਿਸ ਦਾ ਸਿੱਧਾ ਫਾਇਦਾ ਵਿਦਿਆਰਥੀਆਂ ਨੂੰ ਹੋਵੇਗਾ। ਇਸ ਨਾਲ ਸਾਡੀ ਸਿੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਵੱਕਾਰੀ ਪ੍ਰੀਖਿਆਵਾਂ ਵਿੱਚ ਅਹਿਮ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ। ਇਸ ਮੌਕੇ ਜਸਦੀਪ ਕੌਰ ਕਲਰਕ, ਇੰਦਰਪ੍ਰੀਤ ਕੌਰ, ਰਿੰਪੀ ਕੱਕੜ, ਅੰਜਲੀ ਗਰਗ, ਨਵਜੋਤ ਸਿੰਘ ਕਲਰਕ-ਕਮ-ਡਾਟਾ ਆਪਰੇਟਰ, ਜਸਪਿੰਦਰ ਸਿੰਘ ਮਿਡ ਡੇ ਮੀਲ ਮੈਨੇਜਰ, ਆਦਰਸ਼ ਬਾਂਸਲ ਬੀ.ਐਸ.ਓ ਅਤੇ ਤਰਵਿੰਦਰ ਸਿੰਘ ਹਾਜ਼ਰ ਸਨ।
