ਦੇਖਭਾਲ ਤੋਂ ਕੈਰੀਅਰ ਤੱਕ: ਪੰਜਾਬ ਨਿਰੀਖਣ ਅਤੇ ਵਿਸ਼ੇਸ਼ ਘਰਾਂ ਦੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ



*ਪਹਿਲੇ ਪੜਾਅ ਵਿੱਚ 211 ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ; ਰੁਜ਼ਗਾਰ, ਸਵੈ-ਮਾਣ ਅਤੇ ਸਵੈ-ਨਿਰਭਰਤਾ ਦੇ ਨਵੇਂ ਰਾਹ ਖੁੱਲ੍ਹਣਗੇ*

*”ਹਰੇਕ ਬੱਚਾ ਸੁਪਨੇ ਦੇਖਣ, ਸਿੱਖਣ ਅਤੇ ਬਿਹਤਰ ਭਵਿੱਖ ਬਣਾਉਣ ਦੇ ਮੌਕੇ ਦਾ ਹੱਕਦਾਰ ਹੈ” ** – *ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ*

**ਚੰਡੀਗੜ੍ਹ, 24 ਜੂਨ:**

ਲੋੜਵੰਦ ਬੱਚਿਆਂ ਦੇ ਜੀਵਨ ਨੂੰ ਬਦਲਣ ਦੇ ਉਦੇਸ਼ ਨਾਲ ਇੱਕ ਇਤਿਹਾਸਕ ਪਹਿਲਕਦਮੀ ਵਿੱਚ, ਪੰਜਾਬ ਨਿਰੀਖਣ ਘਰਾਂ ਅਤੇ ਵਿਸ਼ੇਸ਼ ਘਰਾਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਇੱਕ ਯੋਜਨਾਬੱਧ **’ਹੁਨਰ ਵਿਕਾਸ ਪ੍ਰੋਗਰਾਮ’** ਸ਼ੁਰੂ ਕਰਨ ਵਾਲਾ ਦੇਸ਼ ਭਰ ਵਿੱਚ ਪਹਿਲਾ ਸੂਬਾ ਬਣ ਗਿਆ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ‘ਆਬਜ਼ਰਵੇਸ਼ਨ ਹੋਮ ਫਾਰ ਬੁਆਏਜ਼, ਫਰੀਦਕੋਟ’ ਵਿਖੇ ਇਸ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਮੋਹਰੀ ਪਹਿਲਕਦਮੀ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਨੂੰ ਸੁਤੰਤਰ ਅਤੇ ਸਨਮਾਨਜਨਕ ਜੀਵਨ ਜਿਊਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਲੋੜਾਂ ਅਨੁਸਾਰ ਵਿਸ਼ੇਸ਼ ਰੂਪਰੇਖਾ ਉਲੀਕੀ ਗਈ ਹੈ। ਆਬਜ਼ਰਵੇਸ਼ਨ ਹੋਮ ਬੱਚਿਆਂ (ਜੋ ਅਸਥਾਈ ਦੇਖਭਾਲ, ਸੁਰੱਖਿਆ, ਸਲਾਹ, ਸਿੱਖਿਆ ਅਤੇ ਮੁੜ ਵਸੇਬੇ ਲਈ ਕਿਸੇ ਸੰਸਥਾ ਵਿੱਚ ਰਹਿ ਰਹੇ ਹਨ) ਲਈ ਸਿਖਲਾਈ ਦਾ ਮੁੱਖ ਫੋਕਸ ਅਨੁਸ਼ਾਸਨ, ਸਵੈ-ਵਿਸ਼ਵਾਸ, ਸਲਾਹ-ਮਸ਼ਵਰਾ ਸਹਾਇਤਾ ਅਤੇ ਲਾਭਦਾਇਕ ਰੋਜ਼ੀ-ਰੋਟੀ ਦੇ ਹੁਨਰ ‘ਤੇ ਹੋਵੇਗਾ। ਦੂਜੇ ਪਾਸੇ, ਵਿਸ਼ੇਸ਼ ਘਰਾਂ ਦੇ ਬੱਚਿਆਂ ਲਈ ਹੁਨਰ ਸਿਖਲਾਈ (ਜਿਨ੍ਹਾਂ ਨੂੰ ਵਿਵਹਾਰ ਸੋਧ, ਕਿੱਤਾਮੁਖੀ ਸਿਖਲਾਈ ਅਤੇ ਸਮਾਜਿਕ ਮੁੱਖ ਧਾਰਾ ਵਿੱਚ ਮੁੜ ਏਕੀਕਰਣ ਦੀ ਜ਼ਿਆਦਾ ਲੋੜ ਹੈ) ਨੂੰ ਇੱਕ ਲੰਬੀ ਮਿਆਦ ਦੀ ਮੁੜ-ਵਸੇਬੇ ਯੋਜਨਾ ਨਾਲ ਜੋੜਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸੂਬੇ ਭਰ ਵਿੱਚ ਚਾਰ ਚਾਈਲਡ ਕੇਅਰ ਸੰਸਥਾਵਾਂ ਵਿੱਚ ਰਹਿ ਰਹੇ ਕੁੱਲ 420 ਬੱਚਿਆਂ ਵਿੱਚੋਂ **211 ਬੱਚਿਆਂ (ਭਾਵ ਲਗਭਗ 50% ਬੱਚੇ)** ਨੂੰ ਰੁਜ਼ਗਾਰ ਮੁਖੀ ਕਿੱਤਿਆਂ ਵਿੱਚ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ। ਬੱਚਿਆਂ ਨੂੰ ਰੋਜ਼ਗਾਰ ਦੇ ਉੱਭਰ ਰਹੇ ਮੌਕਿਆਂ ਦੇ ਅਨੁਸਾਰ ਧਿਆਨ ਨਾਲ ਚੁਣੇ ਗਏ ਕੋਰਸਾਂ-ਹੇਅਰ ਡ੍ਰੈਸਰ ਅਤੇ ਸਟਾਈਲਿਸਟ, ਸਮਾਰਟਫ਼ੋਨ ਅਸੈਂਬਲੀ ਟੈਕਨੀਸ਼ੀਅਨ ਅਤੇ ਮਲਟੀ-ਸਕਿੱਲ ਟੈਕਨੀਸ਼ੀਅਨ ਵਿੱਚ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਬੱਚੇ ਘੱਟ ਤੋਂ ਘੱਟ ਸਮੇਂ ਵਿੱਚ ਉਪਯੋਗੀ ਹੁਨਰ ਸਿੱਖ ਸਕਣ।

ਡਾ: ਬਲਜੀਤ ਕੌਰ ਨੇ ਕਿਹਾ, “ਕਿਸੇ ਵੀ ਬੱਚੇ ਦਾ ਭਵਿੱਖ ਕਦੇ ਵੀ ਉਨ੍ਹਾਂ ਹਾਲਾਤਾਂ ਦੁਆਰਾ ਨਿਰਧਾਰਤ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਉਹ ਬਾਲ ਸੰਭਾਲ ਸੰਸਥਾ ਵਿੱਚ ਆਇਆ। ਇਸ ਉਪਰਾਲੇ ਰਾਹੀਂ ਅਸੀਂ ਬੱਚਿਆਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਉਨ੍ਹਾਂ ਦਾ ਭਵਿੱਖ ਉਨ੍ਹਾਂ ਦੇ ਅਤੀਤ ਨਾਲ ਨਹੀਂ ਸਗੋਂ ਹੁਨਰ, ਮਿਹਨਤ ਅਤੇ ਲਗਨ ਨਾਲ ਘੜਿਆ ਜਾਵੇਗਾ।”

ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਪ੍ਰੋਗਰਾਮ ਵਿੱਚ ਹਰ ਬੱਚੇ ਨੂੰ ਸਿਰਫ਼ ਇੱਕ “ਕੇਸ” ਵਜੋਂ ਨਹੀਂ ਬਲਕਿ ਪ੍ਰਤਿਭਾ ਅਤੇ ਸਮਰੱਥਾ ਨਾਲ ਭਰਪੂਰ ਬੱਚੇ ਵਜੋਂ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਦੀ ਨਿੱਜਤਾ, ਸਨਮਾਨ ਅਤੇ ਪਛਾਣ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇਗੀ ਅਤੇ ਕਿਸੇ ਵੀ ਜਨਤਕ ਪਲੇਟਫਾਰਮ ‘ਤੇ ਉਨ੍ਹਾਂ ਦੇ ਵੇਰਵਿਆਂ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ।

ਤਕਨੀਕੀ ਮੁਹਾਰਤ ਦੇ ਨਾਲ, ਇਹ ਪ੍ਰੋਗਰਾਮ ਬੱਚਿਆਂ ਨੂੰ ਆਤਮ-ਵਿਸ਼ਵਾਸ, ਸੰਚਾਰ ਹੁਨਰ, ਅਨੁਸ਼ਾਸਨ, **ਕੰਮ ਦੀ ਨੈਤਿਕਤਾ**, ਟੀਮ ਵਰਕ ਅਤੇ ਜੀਵਨ ਬਾਰੇ ਇੱਕ ਸਕਾਰਾਤਮਕ ਨਜ਼ਰੀਆ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

ਸਿਖਲਾਈ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਆਬਜ਼ਰਵੇਸ਼ਨ ਹੋਮ, ਫਰੀਦਕੋਟ ਵਿਖੇ 36 ਬੱਚਿਆਂ ਨੂੰ ‘ਹੇਅਰ ਡ੍ਰੈਸਰ ਐਂਡ ਸਟਾਈਲਿਸਟ’ ਕੋਰਸ ਵਿੱਚ ਸਿਖਲਾਈ ਦਿੱਤੀ ਜਾਵੇਗੀ। ਆਬਜ਼ਰਵੇਸ਼ਨ ਹੋਮ, ਲੁਧਿਆਣਾ ਵਿਖੇ ਕੁੱਲ 85 ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚੋਂ 56 ਬੱਚਿਆਂ ਨੂੰ ‘ਹੇਅਰ ਡ੍ਰੈਸਰ ਅਤੇ ਸਟਾਈਲਿਸਟ’ ਅਤੇ 29 ਬੱਚਿਆਂ ਨੂੰ ‘ਸਮਾਰਟਫੋਨ ਅਸੈਂਬਲੀ ਟੈਕਨੀਸ਼ੀਅਨ ਕੋਰਸ’ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਆਬਜ਼ਰਵੇਸ਼ਨ ਐਂਡ ਸਪੈਸ਼ਲ ਹੋਮ, ਹੁਸ਼ਿਆਰਪੁਰ ਵਿਖੇ ਰਹਿ ਰਹੇ ਕੁੱਲ 90 ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚੋਂ ਸਪੈਸ਼ਲ ਹੋਮ ਦੇ 30 ਬੱਚਿਆਂ ਨੂੰ ‘ਹੇਅਰ ਡ੍ਰੈਸਰ ਅਤੇ ਸਟਾਈਲਿਸਟ’ ਅਤੇ ਆਬਜ਼ਰਵੇਸ਼ਨ ਹੋਮ ਦੇ 30 ਬੱਚਿਆਂ ਨੂੰ ‘ਮਲਟੀ-ਸਕਿੱਲ ਟੈਕਨੀਸ਼ੀਅਨ’ ਅਤੇ ਬਾਕੀ 30 ਬੱਚਿਆਂ ਨੂੰ ‘ਹੇਅਰ ਡ੍ਰੈਸਰ’ ਕੋਰਸ ਕਰਵਾਇਆ ਜਾਵੇਗਾ।

ਵਿਭਾਗ ਸਿਖਲਾਈ ਲੈ ਰਹੇ ਬੱਚਿਆਂ ਨੂੰ ਯੋਗ ਪ੍ਰਮਾਣੀਕਰਣ, ਪਲੇਸਮੈਂਟ ਸਹਾਇਤਾ, ਉੱਦਮੀ ਮਾਰਗਦਰਸ਼ਨ ਅਤੇ ਦੇਖਭਾਲ ਤੋਂ ਬਾਅਦ ਫਾਲੋ-ਅਪ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ। ਡਾ: ਬਲਜੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਡਲ ਨੂੰ ਹੋਰ ਘਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਕਮਜ਼ੋਰੀ ਤੋਂ ਮੌਕੇ ਤੱਕ, ਨਿਰਭਰਤਾ ਤੋਂ ਸਵੈ-ਨਿਰਭਰਤਾ ਅਤੇ ਸੰਸਥਾਗਤ ਸੰਭਾਲ ਤੋਂ ਸਾਰਥਕ ਕੈਰੀਅਰ ਵੱਲ ਨਵੇਂ ਰਾਹ ਸਿਰਜਣ ਵਿੱਚ ਕਾਮਯਾਬ ਹੋ ਸਕੇ।

ਇਸ ਮੌਕੇ ਵਿਧਾਇਕ ਫ਼ਰੀਦਕੋਟ ਸ: ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

Leave a Comment

Your email address will not be published. Required fields are marked *

Scroll to Top