ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਮੇਰੇ ਚਰਿੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ :-ਡਾ. ਸੁਰਜੀਤ ਸਿੰਘ


ਪਟਿਆਲਾ, 8 ਜੁਲਾਈ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਸੁਰਜੀਤ ਸਿੰਘ ਵੱਲੋਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਉਨ੍ਹਾਂ ਦੇ ਚਰਿੱਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੀਨੀਆਰਤਾ ਅਤੇ ਤਜ਼ਰਬੇ ਨੂੰ ਮੁੱਖ ਰੱਖਦਿਆਂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ‘ਡੀਨ ਲੈਂਗੂਏਜ਼’ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਗੁੰਡਾ ਅਨਸਰਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਅਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਕੇ ਉਨ੍ਹਾਂ ਦੇ ਚਰਿੱਤਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਡਾ: ਸੁਰਜੀਤ ਸਿੰਘ ਨੇ ਦੱਸਿਆ ਕਿ ਅਸਲ ਵਿਚ ਇਹ ਸਾਰਾ ਮਾਮਲਾ ਸਾਢੇ ਤਿੰਨ ਸਾਲ ਪੁਰਾਣਾ ਹੈ। 14 ਸਤੰਬਰ, 2023 ਨੂੰ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਭੀੜ ਇਕੱਠੀ ਕਰਨ ਵਾਲੇ ਕੁਝ ਬਦਮਾਸ਼ਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ, ਜਿਨ੍ਹਾਂ ਵਿੱਚ ਪੰਜ ਸਾਲਾ ਕੋਰਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਲਈ ਉਨ੍ਹਾਂ (ਡਾ. ਸੁਰਜੀਤ ਸਿੰਘ) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ; ਜਦਕਿ ਦੋ ਵਾਰ ਗਠਿਤ ਜਾਂਚ ਕਮੇਟੀਆਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਉਸਦੀ ਮੌਤ ਸਾਹ ਦੀ ਭਿਆਨਕ ਬਿਮਾਰੀ ਕਾਰਨ ਹੋਈ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਪ੍ਰਚਾਰ ਅਤੇ ਜਾਅਲੀ ਆਈਡੀਜ਼ ਕਾਰਨ ਉਨ੍ਹਾਂ ’ਤੇ ‘ਕਾਤਲ’ ਵਰਗੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦੀ ਸੂਚਨਾ ਸਾਈਬਰ ਕ੍ਰਾਈਮ ਵਿਭਾਗ ਨੂੰ ਦੇ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਮਾਣਹਾਨੀ ਦਾ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ’ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਆਪਣੇ ਸੀਨੀਅਰ ਅਧਿਆਪਕ ਦੀ ਇੱਜ਼ਤ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

Leave a Comment

Your email address will not be published. Required fields are marked *

Scroll to Top