*ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਵੱਲੋਂ 26.73 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ*
*ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਪੰਜਾਬ ਨੂੰ ਬਚਾਉਣ ਦਾ ਕੰਮ ਕੀਤਾ- ਬਰਿੰਦਰ ਗੋਇਲ*
*ਕਿਹਾ, ਹੜ੍ਹਾਂ ਤੋਂ ਬਚਾਅ ਲਈ ਰਾਜ ਭਰ ਵਿਚ 450 ਕਰੋੜ ਰੁਪਏ ਖਰਚੇ ਗਏ*
*ਹੁਣ ਘਨੂਰ ਹਲਕੇ ਦੀ 16,932 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਦਾ ਲਾਭ ਮਿਲੇਗਾ- ਬਰਿੰਦਰ ਗੋਇਲ*
* 36.39 ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪਲਾਈਨ ਵਿਛਾਈ ਗਈ ਅਤੇ 2.44 ਕਿਲੋਮੀਟਰ ਗ਼ਦਮ ਰਜਬਾਹਾ ਪੱਕਾ ਕੀਤਾ ਗਿਆ।
*ਭਗਵੰਤ ਮਾਨ ਸਰਕਾਰ ਨੇ ਘਨੌਰ ਹਲਕੇ ਵਿੱਚ ਕੀਤੇ ਮਿਸਾਲੀ ਵਿਕਾਸ ਕਾਰਜ-ਗੁਰਲਾਲ ਘਨੌਰ*
*ਚੰਡੀਗੜ੍ਹ/ਘਨੌਰ, 29 ਜੁਲਾਈ:*
ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਕੋਲੇਮਾਜਰਾ ਵਿਖੇ 26.73 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਲਿਫਟ ਸਿਸਟਮ ਅਧਾਰਿਤ ਨਹਿਰੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਇਲਾਕੇ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ।
ਬਰਿੰਦਰ ਗੋਇਲ, ਜਿਨ੍ਹਾਂ ਕੋਲ ਮਾਈਨਿੰਗ ਅਤੇ ਭੂ-ਵਿਗਿਆਨ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਪਹਿਲੀ ਵਾਰ ਵੱਡੇ ਪੱਧਰ ‘ਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾ ਕੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ।
ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਨੂਰ ਹਲਕੇ ਨੇੜਿਓਂ ਲੰਘਦੀ ਨਹਿਰ ਹੋਣ ਦੇ ਬਾਵਜੂਦ ਕਈ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਸਨ ਪਰ ਭਗਵੰਤ ਮਾਨ ਸਰਕਾਰ ਨੇ ਹੁਣ ਉਨ੍ਹਾਂ ਖੇਤਾਂ ਨੂੰ ਵੀ ਪਾਣੀ ਪਹੁੰਚਾਇਆ ਹੈ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਵਿਧਾਇਕ ਗੁਰਲਾਲ ਘਨੌਰ ਦੇ ਉੱਦਮ ਸਦਕਾ ਘਨੌਰ ਜ਼ਿਲ੍ਹੇ ਵਿੱਚ 22.23 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਲਿਫਟਿੰਗ ਸਿਸਟਮ (ਪੁਰਾਣਾ ਨਾਮ ਰਾਜਖੰਡ, ਬਨੂੜ ਨਹਿਰ) ਰਾਹੀਂ 36.39 ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪ ਲਾਈਨ ਵਿਛਾ ਕੇ 38 ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਹਿਲੀ ਵਾਰ 15,129 ਏਕੜ ਰਕਬਾ ਨਹਿਰੀ ਸਿੰਜਾਈ ਅਧੀਨ ਲਿਆਂਦਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਲਕਾ ਘਨੂਰ ਦੇ ਗੜ੍ਹਮ ਰਜਬਾਹੇ ਦੇ 2.44 ਕਿਲੋਮੀਟਰ ਰਕਬੇ ਵਿੱਚ 4.50 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਲਾਈਨਿੰਗ ਪਾ ਦਿੱਤੀ ਗਈ ਹੈ, ਜਿਸ ਨਾਲ 4 ਲਾਭਪਾਤਰੀ ਪਿੰਡਾਂ ਦੇ 1803 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਸੂਬੇ ਭਰ ਵਿੱਚ 450 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਪਿਛਲੇ ਪੰਜਾਹ ਸਾਲਾਂ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਘਨੂਰ ਹਲਕੇ ਵਿੱਚ ਘੱਗਰ ਦਰਿਆ ’ਤੇ ਹੜ੍ਹਾਂ ਤੋਂ ਬਚਾਅ ਲਈ 13 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਸਵਾਗਤ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਲਕਾ ਘਨੌਰ ਵਿੱਚ ਬੇਮਿਸਾਲ ਵਿਕਾਸ ਕਾਰਜ ਕਰਵਾਏ ਹਨ। ਗੁਰਲਾਲ ਘਨੌਰ ਨੇ ਕਿਹਾ ਕਿ ਲਿਫਟ ਸਿਸਟਮ ਚਾਲੂ ਹੋਣ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਉੱਥੇ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਣਗੇ।
ਇਸ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਸਿਰਫ਼ ਭਗਵੰਤ ਮਾਨ ਸਰਕਾਰ ਨੇ ਪੂਰਾ ਕੀਤਾ ਹੈ, ਜਿਸ ਨਾਲ ਹੁਣ ਉਨ੍ਹਾਂ ਨੂੰ ਆਪਣੇ ਖੇਤਾਂ ਦੀ ਸਿੰਜਾਈ ਲਈ ਨਹਿਰੀ ਪਾਣੀ ਦੀ ਬਕਾਇਦਾ ਸਹੂਲਤ ਮਿਲੇਗੀ। ਇਸ ਮੌਕੇ ਕੈਬਨਿਟ ਮੰਤਰੀ ਅਤੇ ਵਿਧਾਇਕ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਿੰਚਾਈ ਵਿਭਾਗ ਦੇ ਨਿਗਰਾਨ ਇੰਜਨੀਅਰ ਰਮਨਦੀਪ ਸਿੰਘ ਬੈਂਸ, ਟਿਊਬਵੈੱਲ ਕਾਰਪੋਰੇਸ਼ਨ ਦੇ ਨਿਗਰਾਨ ਇੰਜਨੀਅਰ ਮਨਿੰਦਰ ਸਿੰਘ, ਕਾਰਜਕਾਰੀ ਇੰਜਨੀਅਰ ਗੁਰਸ਼ਰਨ ਸਿੰਘ ਵਿਰਕ, ਐਸ.ਡੀ.ਓ. ਕੁਮਾਰ ਧਵਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਲ ਸਿੰਘ, ਸਹਿਜਪਾਲ ਸਿੰਘ ਲਾਡਾ, ਕਪਤਾਨ ਸਿੰਘ, ਨਰਿੰਦਰ ਸਿੰਘ, ਬਲਾਕ ਸੰਮਤੀ ਸ਼ੰਭੂ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ, ਗੁਰਤਾਜ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
