ਚੰਡੀਗੜ੍ਹ, 21 ਅਪ੍ਰੈਲ:
ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ‘ਗੈਂਗਸਟਰ ਤੇਰੀ ਜੰਗ’ ਦੀ ਸਫ਼ਲਤਾ ਸਿਰਫ਼ ਅਪਰਾਧੀਆਂ ਦੀ ਗ੍ਰਿਫ਼ਤਾਰੀ ਅਤੇ ਨਸ਼ਿਆਂ ਦੀ ਬਰਾਮਦਗੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਅਪਰੇਸ਼ਨ ਨੇ ਗੈਂਗਸਟਰਾਂ ਦੇ ਨੈੱਟਵਰਕ ਦੀਆਂ ਜੜ੍ਹਾਂ ‘ਤੇ ਸੱਟ ਮਾਰੀ ਹੈ, ਜਿਸ ਨਾਲ ਸੂਬੇ ਭਰ ਵਿੱਚ ਅਪਰਾਧ ਦਰ ਵਿੱਚ ਜ਼ਿਕਰਯੋਗ ਕਮੀ ਆਈ ਹੈ।
ਪੰਜਾਬ ਪੁਲਿਸ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ‘ਗੈਂਗਸਟਰ ਤੇਰੀ ਜੰਗ’ ਸ਼ੁਰੂ ਹੋਣ ਦੇ ਤਿੰਨ ਮਹੀਨਿਆਂ ਅੰਦਰ ਹੀ ਸੰਗਠਿਤ ਅਪਰਾਧਾਂ ‘ਚ ਭਾਰੀ ਕਮੀ ਆਈ ਹੈ। ਸੂਬੇ ਵਿੱਚ ਗੈਂਗਸਟਰਾਂ ਨਾਲ ਸਬੰਧਤ ਕਤਲਾਂ ਵਿੱਚ 100 ਫੀਸਦੀ ਕਮੀ ਆਈ ਹੈ। ਜਿੱਥੇ ਜਨਵਰੀ ਮਹੀਨੇ ਵਿੱਚ ਅਜਿਹੇ ਚਾਰ ਮਾਮਲੇ ਸਾਹਮਣੇ ਆਏ ਸਨ, ਉਥੇ ਮਾਰਚ ਵਿੱਚ ਇਹ ਗਿਣਤੀ ਸਿਫ਼ਰ ਰਹਿ ਗਈ ਹੈ।
ਸਿਰਫ਼ ਕਤਲ ਹੀ ਨਹੀਂ ਸਗੋਂ ਗੈਂਗਸਟਰਾਂ ਨਾਲ ਸਬੰਧਤ ਗੋਲੀਬਾਰੀ ਵਿੱਚ ਵੀ 69 ਫੀਸਦੀ ਦੀ ਵੱਡੀ ਕਮੀ ਆਈ ਹੈ। 20 ਅਪ੍ਰੈਲ ਤੱਕ, ਸਾਲ ਦੇ ਪਹਿਲੇ ਮਹੀਨੇ ਗੋਲੀਬਾਰੀ ਦੀਆਂ 29 ਘਟਨਾਵਾਂ ਦੇ ਮੁਕਾਬਲੇ ਇਹ ਗਿਣਤੀ ਘਟ ਕੇ ਸਿਰਫ਼ 9 ਰਹਿ ਗਈ ਸੀ।
ਇਸੇ ਤਰ੍ਹਾਂ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੀ 10.9 ਫੀਸਦੀ ਦੀ ਕਮੀ ਆਈ ਹੈ। ਜਨਵਰੀ ਵਿੱਚ 110 ਕੇਸਾਂ ਦੇ ਮੁਕਾਬਲੇ ਮਾਰਚ ਵਿੱਚ ਇਹ ਗਿਣਤੀ ਘਟ ਕੇ 98 ਹੋ ਗਈ ਹੈ।
ਇੱਕ ਟੋਲ-ਫ੍ਰੀ ਐਂਟੀ-ਗੈਂਗਸਟਰ ਹੈਲਪਲਾਈਨ (93946-93946) ਦੀ ਸਥਾਪਨਾ ਤੋਂ ਬਾਅਦ, ਵਧੇਰੇ ਨਾਗਰਿਕ ਫਿਰੌਤੀ ਨਾਲ ਸਬੰਧਤ ਕਾਲਾਂ ਬਾਰੇ ਸ਼ਿਕਾਇਤ ਕਰਨ ਲਈ ਅੱਗੇ ਆ ਰਹੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਨੇ ‘ਗੈਂਗਸਟਰ ਤੇ ਜੰਗ’ ਮੁਹਿੰਮ ਰਾਹੀਂ ਨਾ ਸਿਰਫ਼ ਸੂਬੇ ਵਿੱਚ ਅਪਰਾਧ ਦਰ ਨੂੰ ਕਾਬੂ ਕੀਤਾ ਹੈ, ਸਗੋਂ ਲੋਕਾਂ ਦਾ ਵਿਸ਼ਵਾਸ ਵੀ ਜਿੱਤਿਆ ਹੈ। ਰਿਕਾਰਡ ਦਰਸਾਉਂਦਾ ਹੈ ਕਿ ਅਪਰਾਧਿਕ ਨੈੱਟਵਰਕ ਨੂੰ ਖ਼ਤਮ ਕਰਨ ਲਈ ਕਿੰਨੀ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੈ। ਇਹ ਸਿਰਫ਼ ਸ਼ੁਰੂਆਤ ਹੈ, ਕਿਉਂਕਿ ਪੰਜਾਬ ਪੁਲਿਸ ਗੈਂਗਸਟਰ ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ।”
ਵਿਸ਼ਲੇਸ਼ਣ ਅਨੁਸਾਰ ਇਸ ਸਮੇਂ ਦੌਰਾਨ ਜਬਰੀ ਵਸੂਲੀ ਦੇ ਕੁੱਲ ਮਾਮਲਿਆਂ ਵਿੱਚ ਵੀ ਕਰੀਬ 11 ਫੀਸਦੀ ਦੀ ਕਮੀ ਆਈ ਹੈ। ਇਸ ਮੁਹਿੰਮ ਦਾ ਅਸਰ ਹਿੰਸਕ ਅਪਰਾਧਿਕ ਗਤੀਵਿਧੀਆਂ ‘ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਇਸ ਦੀ ਸਫ਼ਲਤਾ ਸਿਰਫ਼ ਸ਼ਹਿਰਾਂ ਅਤੇ ਜ਼ਿਲ੍ਹਿਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਸਰਹੱਦੀ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।
ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਸੰਗਠਿਤ ਅਪਰਾਧਾਂ ਵਿਚ ਕਾਫੀ ਕਮੀ ਆਈ ਹੈ, ਜੋ ਪਹਿਲਾਂ ਗੈਂਗਸਟਰ ਕਲਚਰ ਦੇ ਉਭਾਰ ਦਾ ਵੱਡਾ ਕਾਰਨ ਸੀ।
ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਇਹ ਆਪਰੇਸ਼ਨ ਸਿਰਫ ਵੱਡੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ ‘ਚ ਉਨ੍ਹਾਂ ਦੇ ਪੂਰੇ ਨੈੱਟਵਰਕ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਛੋਟੇ-ਮੋਟੇ ਅਪਰਾਧਾਂ ‘ਚ ਸ਼ਾਮਲ ਲੋਕ ਗੈਂਗਸਟਰਾਂ ‘ਚ ਭਰਤੀ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਅਜਿਹੇ ਅਨਸਰਾਂ ‘ਤੇ ਸ਼ਿਕੰਜਾ ਕੱਸ ਕੇ ਅਸੀਂ ਉਨ੍ਹਾਂ ਦੇ ਨੈੱਟਵਰਕ ਨੂੰ ਕਮਜ਼ੋਰ ਕੀਤਾ ਹੈ ਅਤੇ ਸੂਬੇ ‘ਚ ਅਪਰਾਧ ਪ੍ਰਤੀ ‘ਜ਼ੀਰੋ ਟਾਲਰੈਂਸ’ ਨੀਤੀ ਨੂੰ ਮਜ਼ਬੂਤ ਕੀਤਾ ਹੈ।”
—
