ਖੁੰਬ ਉਤਪਾਦਨ ਯੂਨਿਟ ਲਗਾਉਣ ਲਈ ਕਿਸਾਨ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਲੈ ਸਕਦੇ ਹਨ: ਮਹਿੰਦਰ ਭਗਤ



*ਬਾਗਬਾਨੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਵਚਨਬੱਧ*

ਚੰਡੀਗੜ੍ਹ, 3 ਜੁਲਾਈ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਬਾਗਬਾਨੀ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।
ਇਸ ਮੰਤਵ ਤਹਿਤ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਰਾਜ ਯੋਜਨਾ ਸਕੀਮ ਤਹਿਤ ਖੁੰਬ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨਾਂ ਨੂੰ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਦੱਸਿਆ ਕਿ ਕਿਸਾਨ ਲਗਭਗ 2 ਲੱਖ ਰੁਪਏ ਦੀ ਲਾਗਤ ਨਾਲ ਇੱਕ ਛੋਟਾ ਮਸ਼ਰੂਮ ਉਤਪਾਦਨ ਯੂਨਿਟ ਸਥਾਪਿਤ ਕਰ ਸਕਦੇ ਹਨ, ਜਿਸ ‘ਤੇ ਬਾਗਬਾਨੀ ਵਿਭਾਗ ਵੱਲੋਂ 40 ਫੀਸਦੀ ਸਬਸਿਡੀ ਵੱਧ ਤੋਂ ਵੱਧ 80 ਹਜ਼ਾਰ ਰੁਪਏ ਤੱਕ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖੁੰਬਾਂ ਦੀ ਕਾਸ਼ਤ ਥੋੜ੍ਹੀ ਜ਼ਮੀਨ ਅਤੇ ਪਾਣੀ ਦੀ ਬਹੁਤ ਘੱਟ ਵਰਤੋਂ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਘੱਟ ਲਾਗਤ ਵਾਲੀ ਇਸ ਕਾਸ਼ਤ ਤੋਂ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਲਗਭਗ 1800 ਵਰਗ ਫੁੱਟ ਖੇਤਰ ਵਿੱਚ ਇੱਕ ਛੋਟਾ ਮਸ਼ਰੂਮ ਯੂਨਿਟ ਸਥਾਪਿਤ ਕੀਤਾ ਜਾ ਸਕਦਾ ਹੈ, ਇਸ ਲਈ ਛੋਟੇ ਕਿਸਾਨ ਵੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਸਬਸਿਡੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਕਿਸਾਨ ਆਪਣੇ ਨਜ਼ਦੀਕੀ ਜ਼ਿਲ੍ਹਾ ਬਾਗਬਾਨੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਸਬੰਧੀ ਤਕਨੀਕੀ ਸਲਾਹ, ਸਿਖਲਾਈ ਅਤੇ ਹਰ ਸੰਭਵ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top