ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੀ ਲੰਡਨ ਯੂ.ਕੇ ਫੇਰੀ ਦੌਰਾਨ ਖਾਲਸਾ ਏਡ ਸੰਸਥਾ ਦੇ ਬਾਨੀ ਰਵੀ ਸਿੰਘ ਖਾਲਸਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਰਵੀ ਸਿੰਘ ਖਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਖਾਲਸਾ ਏਡ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਕੀਤੇ ਜਾ ਰਹੇ ਮਾਨਵਤਾ ਦੇ ਕੰਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਦੋਵਾਂ ਵਿਚਕਾਰ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਸੇਵਾ ਕਾਰਜ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਅਤੇ ਮੀਡੀਆ ਰਾਹੀਂ ਦੁਨੀਆ ਸਾਹਮਣੇ ਪੇਸ਼ ਕਰਨ ਬਾਰੇ ਵੀ ਵਿਚਾਰ ਹੋਇਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਵੀ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਅੰਦਰ ਮਾਝਾ ਜਾਂ ਮਾਲਵਾ ਖੇਤਰ ਵਿੱਚ ਕਿਸੇ ਅਜਿਹੀ ਥਾਂ ’ਤੇ ਉੱਚ ਪੱਧਰੀ ਸਿਹਤ ਸਹੂਲਤਾਂ ਵਾਲਾ ਹਸਪਤਾਲ ਖੋਲ੍ਹਣ ਜਿੱਥੇ ਖਾਲਸਾ ਏਡ ਦੇ ਚੱਲ ਰਹੇ ਸੇਵਾ ਕਾਰਜਾਂ ਦੇ ਨਾਲ-ਨਾਲ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ। ਇਸੇ ਤਰ੍ਹਾਂ ਸਿੰਘ ਸਾਹਿਬ ਨੇ ਰਵੀ ਸਿੰਘ ਨੂੰ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਸਕੂਲ ਸਥਾਪਤ ਕਰਨ ਲਈ ਵੀ ਕਿਹਾ।
