ਕੁਲਤਾਰ ਸਿੰਘ ਸੰਧਵਾਂ ਨੇ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ। ਉਨ੍ਹਾਂ ਐਸਡੀਐਮ ਕੋਟਕਪੂਰਾ ਨੂੰ ਨੁਕਸਾਨ ਦੀ ਰਿਪੋਰਟ ਤੁਰੰਤ ਭੇਜਣ ਅਤੇ ਮੁਆਵਜ਼ੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿੰਡ ਸੰਧਵਾਂ ਵਿੱਚ ਕਰੀਬ 8 ਏਕੜ ਕਣਕ ਦੀ ਫ਼ਸਲ ਅਤੇ ਕੋਠੇ ਗੱਜਣ ਸਿੰਘ ਵਿੱਚ ਕਰੀਬ 10 ਏਕੜ ਕਣਕ ਦੀ ਫ਼ਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਸੀ। ਸਪੀਕਰ ਸੰਧਵਾਂ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਪੂਰੀ ਨਾ ਹੋਣ ਤੱਕ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵੱਧ ਰਹੀ ਗਰਮੀ ਕਾਰਨ ਤੇਜ਼ ਹਵਾਵਾਂ, ਬਿਜਲੀ ਦੇ ਸ਼ਾਰਟ ਸਰਕਟ ਜਾਂ ਮਜ਼ਦੂਰਾਂ ਵੱਲੋਂ ਵਰਤੀ ਜਾਂਦੀ ਬੀੜੀ-ਸਿਗਰਟ ਅਜਿਹੀਆਂ ਘਟਨਾਵਾਂ ਦਾ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਸੜਕਾਂ ਕੱਚੀਆਂ ਹੋਣ ਕਾਰਨ ਮੌਕੇ ’ਤੇ ਪੁੱਜਣ ਵਿੱਚ ਦੇਰੀ ਹੋ ਸਕਦੀ ਹੈ, ਇਸ ਲਈ ਪਿੰਡ ਪੱਧਰ ’ਤੇ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੇਠ ਲਿਖੀਆਂ ਸਾਵਧਾਨੀਆਂ ਅਪਣਾਉਣ: ਟਰਾਂਸਫਾਰਮਰ ਦੇ ਨੇੜੇ ਕਣਕ ਦੀ ਕਟਾਈ ਅਗੇਤੀ ਕਰ ਲੈਣੀ ਚਾਹੀਦੀ ਹੈ। ਜੇਕਰ ਪਾਣੀ ਦੀ ਲੋੜ ਨਾ ਹੋਵੇ, ਤਾਂ ਟਰਾਂਸਫਾਰਮਰ ਦਾ ਸਵਿੱਚ ਬੰਦ ਰੱਖਣਾ ਚਾਹੀਦਾ ਹੈ। ਖੇਤਾਂ ਵਿੱਚ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਅਤੇ ਟੋਇਆਂ ਵਿੱਚ ਪਾਣੀ ਖੜ੍ਹਾ ਰੱਖਿਆ ਜਾਵੇ। ਲੋਹੇ ਦੀਆਂ ਟੈਂਕੀਆਂ ਨੂੰ ਪਾਣੀ ਨਾਲ ਭਰ ਕੇ ਸਾਂਝੀਆਂ ਥਾਵਾਂ ’ਤੇ ਰੱਖਿਆ ਜਾਵੇ ਅਤੇ ਪਾਈਪਾਂ ਦਾ ਪ੍ਰਬੰਧ ਕੀਤਾ ਜਾਵੇ। ਵੱਡੇ ਸਪਰੇਅ ਪੰਪ ਤਿਆਰ ਰੱਖੇ ਜਾਣ ਅਤੇ ਉਨ੍ਹਾਂ ਦੇ ਸੰਪਰਕ ਨੰਬਰ ਸਾਂਝੇ ਕੀਤੇ ਜਾਣ। ਛੋਟੇ ਸਪਰੇਅ ਪੰਪ ਵੀ ਪਾਣੀ ਅਤੇ ਪੈਟਰੋਲ ਨਾਲ ਤਿਆਰ ਰੱਖਣੇ ਚਾਹੀਦੇ ਹਨ। ਅੱਗ ਬੁਝਾਉਣ ਵਾਲੇ ਸਿਲੰਡਰ ਸਾਂਝੇ ਤੌਰ ‘ਤੇ ਖਰੀਦੇ ਜਾਣ। ਮਜ਼ਦੂਰਾਂ ਨੂੰ ਅੱਗ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਜਾਣਾ ਚਾਹੀਦਾ ਹੈ। ਪਿੰਡ ਦੇ ਨੌਜਵਾਨਾਂ ਦੀ ਟੀਮ ਅੱਗ ਬੁਝਾਉਣ ਲਈ ਤਿਆਰ ਰੱਖੀ ਜਾਵੇ। ਖੇਤ ਵਿੱਚ ਹਲ ਵਾਹੁਣ ਵਾਲਾ ਕਾਸ਼ਤਕਾਰ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ‘ਤੇ ਤੁਰੰਤ ਵਰਤੋਂ ਕੀਤੀ ਜਾ ਸਕੇ। ਹਰ ਕਿਸਾਨ ਕੋਲ ਲੋੜੀਂਦੇ ਸੰਪਰਕ ਨੰਬਰ (ਗੁਰਦੁਆਰਾ ਸਾਹਿਬ, ਬਿਜਲੀ ਗਰਿੱਡ ਆਦਿ) ਹੋਣੇ ਚਾਹੀਦੇ ਹਨ। ਇਨ੍ਹਾਂ ਦਿਨਾਂ ਦੌਰਾਨ ਸ਼ਰਾਬ ਆਦਿ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਹਰ ਸਮੇਂ ਸੁਚੇਤ ਰਹਿ ਸਕਣ। ਅੰਤ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਇਹ ਸਾਵਧਾਨੀਆਂ ਅਪਣਾਈਆਂ ਜਾਣ ਤਾਂ ਫਸਲ ਨੂੰ ਅੱਗ ਵਰਗੀਆਂ ਅਣਚਾਹੇ ਘਟਨਾਵਾਂ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ। ਪੋਸਟ ਵਿਯੂਜ਼: 0
