ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਭਾਜਪਾ ਪੂਰੇ ਦੇਸ਼ ‘ਚ ਲੋਕਤੰਤਰ ਦਾ ਗਲਾ ਘੁੱਟਣ ਦੇ ਇਸੇ ਮਾਡਲ ‘ਤੇ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਭਾਜਪਾ ਆਪਣੀ ਹਾਰ ਦੇ ਡਰੋਂ ਈਡੀ ਅਤੇ ਸੀਬੀਆਈ ਰਾਹੀਂ ਵਿਰੋਧੀ ਨੇਤਾਵਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਫਿਰ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈਂਦੀ ਹੈ। ਮੀਤ ਹੇਅਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਿਧਾਂਤਾਂ ਅਤੇ ਸੰਘਰਸ਼ਾਂ ਦੀ ਧਰਤੀ ਹੈ, ਭਾਜਪਾ ਦਾ ਇਹ ‘ਵਾਸ਼ਿੰਗ ਮਸ਼ੀਨ’ ਮਾਡਲ ਇੱਥੇ ਕਦੇ ਕਾਮਯਾਬ ਨਹੀਂ ਹੋਵੇਗਾ।
ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਨੇ ਇਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਸਾਮ ‘ਚ ਹੇਮੰਤ ਵਿਸ਼ਵ ਸ਼ਰਮਾ ‘ਤੇ ਕਾਂਗਰਸ ‘ਚ ਹੋਣ ‘ਤੇ ਸੀਬੀਆਈ ਨੇ ਛਾਪਾ ਮਾਰਿਆ ਸੀ ਪਰ ਭਾਜਪਾ ‘ਚ ਸ਼ਾਮਲ ਹੁੰਦੇ ਹੀ ਉਹ ਸਾਫ ਹੋ ਗਏ। ਮਹਾਰਾਸ਼ਟਰ ‘ਚ ਅਜੀਤ ਪਵਾਰ ‘ਤੇ ਇਕ ਰਾਤ ‘ਚ 70 ਕੇਸ ਦਰਜ ਕੀਤੇ ਗਏ ਅਤੇ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਭ੍ਰਿਸ਼ਟ ਨੇਤਾ ਕਿਹਾ ਪਰ ਭਾਜਪਾ ‘ਚ ਸ਼ਾਮਲ ਹੁੰਦੇ ਹੀ ਉਨ੍ਹਾਂ ਨੂੰ ਡਿਪਟੀ ਸੀਐੱਮ ਬਣਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਸੰਸਦ ਦੇ ਅੰਦਰ ਵੀ ਇਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਰਵਨੀਤ ਬਿੱਟੂ ਅਤੇ ਜੋਤੀਰਾਦਿੱਤਿਆ ਸਿੰਧੀਆ ਵਰਗੇ ਲੋਕ, ਜੋ ਕਦੇ ਰਾਹੁਲ ਗਾਂਧੀ ਦੀ ਕੋਰ ਟੀਮ ਸਨ, ਭਾਜਪਾ ਦੇ ਅਗਲੇ ਬੈਂਚਾਂ ‘ਤੇ ਬੈਠੇ ਹਨ, ਜਦਕਿ ਭਾਜਪਾ ਦੇ ਪੁਰਾਣੇ ਸਮਰਪਿਤ ਵਰਕਰਾਂ ਨੂੰ ਪਿੱਛੇ ਧੱਕ ਦਿੱਤਾ ਗਿਆ ਹੈ। ਪੰਜਾਬ ਭਾਜਪਾ ਦੀ ਹਾਲਤ ਇਹ ਹੈ ਕਿ ਭਾਜਪਾ ਦੀਆਂ ਮੀਟਿੰਗਾਂ ਵਿੱਚ ਪੁਰਾਣੇ ਭਾਜਪਾ ਮੈਂਬਰ ਘੱਟ ਅਤੇ ਸੁਨੀਲ ਜਾਖੜ ਅਤੇ ਰਾਣਾ ਸੋਢੀ ਵਰਗੇ ਕਾਂਗਰਸੀ ਚਿਹਰੇ ਜ਼ਿਆਦਾ ਹਨ।
ਰਾਘਵ ਚੱਢਾ ਦੇ ਵਤੀਰੇ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜਿਸ ਪਾਰਟੀ ਦੇ ਸਭ ਤੋਂ ਔਖੇ ਸਮੇਂ ‘ਚ ਇਕ ਆਮ ਨੌਜਵਾਨ ਨੂੰ ਕੌਮੀ ਪਹਿਚਾਣ ਦਿੱਤੀ, ਉਸ ਨੂੰ ਪਾਰਟੀ ਛੱਡਣਾ ਨੈਤਿਕਤਾ ਦੇ ਵਿਰੁੱਧ ਹੈ | ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ ਜੀ ਅਤੇ ਸੰਜੇ ਸਿੰਘ ਜੇਲ ‘ਚ ਸਨ ਅਤੇ ਵਰਕਰ ਸੜਕਾਂ ‘ਤੇ ਡੰਡੇ ਖਾ ਰਹੇ ਸਨ ਤਾਂ ਰਾਘਵ ਚੱਢਾ ਵਿਦੇਸ਼ ਚਲੇ ਗਏ ਸਨ। ਇਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਉਸ ਦੀ ਭਾਜਪਾ ਅਤੇ ਅਮਿਤ ਸ਼ਾਹ ਨਾਲ ਮਿਲੀਭੁਗਤ ਸੀ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਤੋਂ ਬਾਹਰ ਆਏ ਸਨ ਅਤੇ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਸੀ ਤਾਂ ਰਾਘਵ ਚੱਢਾ ਨੇ ਇੱਕ ਵੀ ਟਵੀਟ ਨਹੀਂ ਕੀਤਾ ਸੀ, ਜਿਸ ਤੋਂ ਸਪੱਸ਼ਟ ਹੈ ਕਿ ਉਹ ਹੁਣ ਭਾਜਪਾ ਦੇ ਇਸ਼ਾਰੇ ‘ਤੇ ਚੱਲ ਰਹੇ ਹਨ।
ਉਨ੍ਹਾਂ ‘ਆਪ’ ਆਗੂਆਂ ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਮੰਤਰੀ ਸੰਜੀਵ ਅਰੋੜਾ ਦੇ ਘਰ ’ਤੇ ਹਾਲ ਹੀ ਵਿੱਚ ਮਾਰੇ ਛਾਪੇ ਨੂੰ ਇਸੇ ਕੜੀ ਦਾ ਹਿੱਸਾ ਦੱਸਿਆ। ਮੀਤ ਹੇਅਰ ਨੇ ਕਿਹਾ ਕਿ ਅਮਿਤ ਸ਼ਾਹ ਲਗਾਤਾਰ ‘ਆਪ’ ਆਗੂਆਂ ਨੂੰ ਡਰਾ ਧਮਕਾ ਕੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਇਹ ਭੁੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਸਿਧਾਂਤਾਂ ‘ਤੇ ਪੱਕੇ ਹਨ। ਉਨ੍ਹਾਂ ਨੇ ਦਿੱਲੀ ਵਿਚ ਵੀ ਆਪਣੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਸਾਡੇ ਨੇਤਾ ਨਹੀਂ ਝੁਕਦੇ। ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਕਈ ਪੇਸ਼ਕਸ਼ਾਂ ਕੀਤੀਆਂ ਗਈਆਂ ਪਰ ਉਹ ਜੇਲ੍ਹ ਜਾਣ ਲਈ ਰਾਜ਼ੀ ਹੋ ਗਏ ਪਰ ਭਾਜਪਾ ਅੱਗੇ ਗੋਡੇ ਨਹੀਂ ਟੇਕੇ।
ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਨੂੰ ਕਰੜੇ ਹੱਥੀਂ ਲੈਂਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਉਹ ਪੰਜਾਬ ਦੇ ਇਤਿਹਾਸ ਅਤੇ ਸਿੱਖਾਂ ਦੇ ਸਿਧਾਂਤਾਂ ਨੂੰ ਜਾਣਦੇ ਹਨ। ਪੰਜਾਬ ਉਹ ਕੌਮ ਹੈ ਜੋ ਸੁੱਕੇ ਪੱਤੇ ਖਾ ਕੇ ਵੀ ਜੰਗ ਲੜਨੀ ਜਾਣਦੀ ਹੈ, ਪਰ ਝੁਕਣਾ ਨਹੀਂ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਜਿੰਨੀਆਂ ਜ਼ਿਆਦਾ ਡਰਾਵੇਗੀ, ਪੰਜਾਬ ਵਿੱਚ ਓਨਾ ਹੀ ਉਸ ਦਾ ਨੁਕਸਾਨ ਹੋਵੇਗਾ। 90% ਕੁਰਬਾਨੀ ਵਾਲੇ ਪੰਜਾਬੀਆਂ ਨੂੰ ਜੇਲ੍ਹਾਂ ਅਤੇ ਮੁਕੱਦਮਿਆਂ ਦਾ ਕੋਈ ਡਰ ਨਹੀਂ ਹੈ। ਭਾਜਪਾ ਦਾ ਇਹ ਏਜੰਡਾ ਹੋਰ ਰਾਜਾਂ ਵਿੱਚ ਕੰਮ ਕਰ ਸਕਦਾ ਹੈ, ਪਰ ਪੰਜਾਬ ਦਾ ਪ੍ਰਭਾਵ ਵੱਖਰਾ ਹੈ। ਜਾਖੜ ਅਤੇ ਬਿੱਟੂ ਭਾਵੇਂ ਕੁਰਸੀ ਦੇ ਲਾਲਚ ਜਾਂ ਡਰ ਕਾਰਨ ਚੁੱਪ ਰਹਿਣ ਪਰ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਇਸ ਦਮਨਕਾਰੀ ਸਿਆਸਤ ਦਾ ਖਮਿਆਜ਼ਾ ਭੁਗਤਣਾ ਪਵੇਗਾ।
