Asian Games 2026, India’s double delight in 10m air rifle shooting event: ਆਈਚੀ-ਨਾਗੋਆ ਵਿਖੇ ਚੱਲ ਰਹੀਆਂ 2026 ਏਸ਼ੀਆਈ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਇਤਿਹਾਸ ਰਚਦਿਆਂ ਇੱਕੋ ਮੁਕਾਬਲੇ ਵਿੱਚ ਦੋ ਤਗ਼ਮੇ ਆਪਣੇ ਨਾਮ ਕੀਤੇ ਹਨ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫ਼ਲ ਵਿਅਕਤੀਗਤ ਵਰਗ ਦੇ ਫਾਈਨਲ ਵਿੱਚ ਭਾਰਤ ਦੇ ਦੋ ਨਿਸ਼ਾਨੇਬਾਜ਼ਾਂ—ਹਿਮਾਂਸ਼ੂ ਢਿੱਲੋਂ ਅਤੇ ਰੁਦਰਾਕਸ਼ ਪਾਟਿਲ—ਨੇ ਪੋਡੀਅਮ ‘ਤੇ ਥਾਂ ਬਣਾ ਕੇ ਦੇਸ਼ ਦਾ ਮਾਣ ਵਧਾਇਆ।
ਰੋਮਾਂਚਕ ਮੁਕਾਬਲੇ ਦੌਰਾਨ ਹਿਮਾਂਸ਼ੂ ਢਿੱਲੋਂ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਝਟਕਿਆ, ਜਦਕਿ ਵਿਸ਼ਵ ਪੱਧਰੀ ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਤੀਜੇ ਸਥਾਨ ‘ਤੇ ਰਹੇ ਅਤੇ ਕਾਂਸੀ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ।
ਇਸ ਦੋਹਰੀ ਜਿੱਤ ਦੇ ਨਾਲ ਹੀ ਮੌਜੂਦਾ ਖੇਡਾਂ ਵਿੱਚ ਭਾਰਤ ਦੇ ਤਗ਼ਮਿਆਂ ਦੀ ਕੁੱਲ ਗਿਣਤੀ ਛੇ ਤੱਕ ਪਹੁੰਚ ਗਈ ਹੈ। ਰੁਦਰਾਕਸ਼ ਵੱਲੋਂ ਜਿੱਤਿਆ ਕਾਂਸੀ ਭਾਰਤ ਦਾ ਪੰਜਵਾਂ ਤਗ਼ਮਾ ਬਣਿਆ, ਜਿਸ ਤੋਂ ਤੁਰੰਤ ਬਾਅਦ ਹਿਮਾਂਸ਼ੂ ਦੇ ਚਾਂਦੀ ਦੇ ਤਗ਼ਮੇ ਨੇ ਭਾਰਤ ਦਾ ਛੇਵਾਂ ਤਗ਼ਮਾ ਪੱਕਾ ਕੀਤਾ।
ਇਹ ਪਲ ਭਾਰਤੀ ਨਿਸ਼ਾਨੇਬਾਜ਼ੀ ਟੀਮ ਲਈ ਬੇਹੱਦ ਖ਼ਾਸ ਰਿਹਾ, ਕਿਉਂਕਿ ਇਨ੍ਹਾਂ ਖੇਡਾਂ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਇੱਕੋ ਵਿਅਕਤੀਗਤ ਮੁਕਾਬਲੇ ਵਿੱਚ ਦੋ ਭਾਰਤੀ ਖਿਡਾਰੀ ਇਕੱਠੇ ਪੋਡੀਅਮ ‘ਤੇ ਤਿਰੰਗੇ ਦੀ ਸ਼ਾਨ ਵਧਾਉਂਦੇ ਨਜ਼ਰ ਆਏ। ਜਾਪਾਨ ਦੀ ਧਰਤੀ ‘ਤੇ ਮਿਲੀ ਇਸ ਕਾਮਯਾਬੀ ਨੇ ਸਾਬਤ ਕਰ ਦਿੱਤਾ ਹੈ ਕਿ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਦਬਦਬਾ ਮਹਾਂਦੀਪ ਪੱਧਰ ‘ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ।



