ਗੈਂਗਸਟਰ ਅੰਮ੍ਰਿਤ ਡਾਲਮ ਨੂੰ ਮੋਲਦੋਵਾ ਤੋਂ ਭਾਰਤ ਲਿਆਂਦਾ: ਯੂਰਪੀ ਮੁਲਕ ਤੋਂ ਪੰਜਾਬ ਪੁਲਿਸ ਦਾ ਪਹਿਲਾ ਸਫ਼ਲ ਹਵਾਲਗੀ ਅਪਰੇਸ਼ਨ

Punjab Police

Punjab Police first extradition from Europe latest news: ਸਰਹੱਦ ਪਾਰੋਂ ਅਪਰਾਧਿਕ ਨੈੱਟਵਰਕ ਚਲਾ ਰਹੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇੱਕ ਵੱਡੀ ਕੌਮਾਂਤਰੀ ਕਾਮਯਾਬੀ ਹਾਸਲ ਕੀਤੀ ਹੈ। ਜੱਗੂ ਭਗਵਾਨਪੁਰੀਆ ਗਿਰੋਹ ਦੇ ਸਰਗਰਮ ਮੈਂਬਰ ਅਤੇ ਇਸ਼ਤਿਹਾਰੀ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਨੂੰ ਯੂਰਪੀ ਮੁਲਕ ਰਿਪਬਲਿਕ ਆਫ਼ ਮੋਲਦੋਵਾ ਤੋਂ ਸਫ਼ਲਤਾਪੂਰਵਕ ਭਾਰਤ ਡਿਪੋਰਟ/ਹਵਾਲਗੀ ਕਰਵਾ ਕੇ ਲਿਆਂਦਾ ਗਿਆ ਹੈ। ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਕਿਸੇ ਯੂਰਪੀਅਨ ਦੇਸ਼ ਵਿੱਚੋਂ ਕਿਸੇ ਭਗੌੜੇ ਅਪਰਾਧੀ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਉਣ ਦਾ ਇਹ ਪਹਿਲਾ ਮਾਮਲਾ ਹੈ।

ਮੁਲਜ਼ਮ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਇਰਾਦਾ ਕਤਲ, ਫ਼ਿਰੌਤੀਆਂ, ਅਸਲਾ ਐਕਟ, ਐੱਨ.ਡੀ.ਪੀ.ਐੱਸ. ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਤਹਿਤ 21 ਤੋਂ ਵੱਧ ਸੰਗੀਨ ਮੁਕੱਦਮੇ ਦਰਜ ਹਨ।

‘ਅਪਰੇਸ਼ਨ ਈਸਟਰਨ ਰੀਚ’ ਤਹਿਤ 6 ਮਹੀਨੇ ਚੱਲੀ ਖ਼ੁਫ਼ੀਆ ਟਰੈਕਿੰਗ

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ‘ਅਪਰੇਸ਼ਨ ਈਸਟਰਨ ਰੀਚ’ ਨਾਂ ਹੇਠ ਚਲਾਈ ਗਈ ਸੀ। ਡਾਲਮ ਪਿਛਲੇ ਲੰਮੇ ਸਮੇਂ ਤੋਂ ਫ਼ਰਜ਼ੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜਿਆ ਹੋਇਆ ਸੀ ਅਤੇ ਉੱਥੇ ਬੈਠ ਕੇ ਹੀ ਪੰਜਾਬ ਅੰਦਰ ਟਾਰਗੇਟ ਕਿਲਿੰਗ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਨੂੰ ਨਿਰਦੇਸ਼ ਦੇ ਰਿਹਾ ਸੀ।

ਗੈਂਗਸਟਰ ਵਿਰੋਧੀ ਟਾਸਕ ਫੋਰਸ (AGTF) ਅਤੇ ਵਿਦੇਸ਼ਾਂ ਵਿੱਚ ਬੈਠੇ ਭਗੌੜਿਆਂ ‘ਤੇ ਨਜ਼ਰ ਰੱਖਣ ਵਾਲੇ ਵਿੰਗ ‘ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ’ (OFTEC) ਨੇ ਲਗਾਤਾਰ ਛੇ ਮਹੀਨੇ ਤਕਨੀਕੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਉਸ ਦੀ ਪੈੜ ਨੱਪੀ।

ਕੌਮਾਂਤਰੀ ਏਜੰਸੀਆਂ ਨਾਲ ਤਾਲਮੇਲ ਨੇ ਪੁਖ਼ਤਾ ਕੀਤਾ ਰਾਹ

ਇਸ ਆਪਰੇਸ਼ਨ ਦੀ ਸਫ਼ਲਤਾ ਪਿੱਛੇ ਕੇਂਦਰੀ ਜਾਂਚ ਏਜੰਸੀਆਂ ਅਤੇ ਵਿਦੇਸ਼ੀ ਪੁਲਿਸ ਦਾ ਆਪਸੀ ਤਾਲਮੇਲ ਅਹਿਮ ਰਿਹਾ:

  • ਕੇਂਦਰੀ ਗ੍ਰਹਿ ਮੰਤਰਾਲਾ (MHA), ਵਿਦੇਸ਼ ਮੰਤਰਾਲਾ (MEA) ਅਤੇ ਸੀ.ਬੀ.ਆਈ. ਦੀ ਇੰਟਰਨੈਸ਼ਨਲ ਪੁਲਿਸ ਕੋਆਪ੍ਰੇਸ਼ਨ ਯੂਨਿਟ (IPCU) ਰਾਹੀਂ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ।

  • ਮੋਲਦੋਵਾ ਅਤੇ ਅਜ਼ਰਬਾਈਜਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਉਸ ਨੂੰ ਸਰਹੱਦੀ ਇਲਾਕੇ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ।

  • ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਨੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਮੁਕੰਮਲ ਕਰਨ ਮਗਰੋਂ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ।

ਹੁਸ਼ਿਆਰਪੁਰ ਦੋਹਰੇ ਕਤਲ ਕਾਂਡ ਸਮੇਤ ਕਈ ਮਾਮਲਿਆਂ ‘ਚ ਹੋਵੇਗੀ ਪੁੱਛਗਿੱਛ

ਪੁਲਿਸ ਰਿਕਾਰਡ ਮੁਤਾਬਕ, ਬਟਾਲਾ ਨੇੜਲੇ ਪਿੰਡ ਡਾਲਮ ਨੰਗਲ ਨਾਲ ਸੰਬੰਧਿਤ ਅੰਮ੍ਰਿਤ ਡਾਲਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੁੱਲ੍ਹੋਵਾਲ ਖੇਤਰ ਵਿੱਚ ਹੋਏ ਦੋਹਰੇ ਕਤਲ ਕਾਂਡ ਅਤੇ ਹੋਰ ਕਈ ਵੱਡੀਆਂ ਵਾਰਦਾਤਾਂ ਵਿੱਚ ਲੋੜੀਂਦਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਅਨਸਰਾਂ ਲਈ ਇਹ ਕਾਰਵਾਈ ਸਿੱਧੀ ਚਿਤਾਵਨੀ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਛੁਪ ਜਾਣ, ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਣਗੇ।

Leave a Comment

Your email address will not be published. Required fields are marked *

Scroll to Top