Punjab Elections 2026: ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਵਿੱਢੀ ਮੁਹਿੰਮ; ਪ੍ਰਗਟ ਸਿੰਘ ਨੇ ਪੰਜਾਬ ਪ੍ਰਧਾਨ ਵਜੋਂ ਸੰਭਾਲੀ ਕਮਾਨ

Punjab Elections 2026, Punjab Congress Preps To Win Under Pargat Singh Leadership: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਅਤੇ ਸੂਬਾ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਸਰਗਰਮੀ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਸੰਗਠਨ ਅੰਦਰ ਆਪਸੀ ਏਕਤਾ ਅਤੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਰਗੇ ਭਖਦੇ ਮੁੱਦਿਆਂ ‘ਤੇ ਸਖ਼ਤ ਸਟੈਂਡ ਲੈਣ ਦਾ ਸੱਦਾ ਦਿੱਤਾ।
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਪਾਰਟੀ ਵਰਕਰਾਂ ਨੇ ਢੋਲ-ਢਮੱਕੇ ਅਤੇ ਨਾਅਰੇਬਾਜ਼ੀ ਨਾਲ ਨਵੀਂ ਲੀਡਰਸ਼ਿਪ ਦਾ ਨਿੱਘਾ ਸਵਾਗਤ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਫੇਰੀ ਕਿਸੇ ਸਿਆਸੀ ਸ਼ਕਤੀ ਪ੍ਰਦਰਸ਼ਨ ਲਈ ਨਹੀਂ, ਸਗੋਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਹੈ। ਇਸ ਦੌਰੇ ਦੌਰਾਨ ਆਗੂਆਂ ਨੇ ਦੁਰਗਿਆਣਾ ਮੰਦਿਰ, ਸੇਂਟ ਪਾਲ ਚਰਚ, ਭਗਵਾਨ ਵਾਲਮੀਕਿ ਤੀਰਥ ਅਤੇ ਡੇਰਾ ਸੱਚਖੰਡ ਬੱਲਾਂ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ‘ਤੇ ਵੀ ਸੀਸ ਨਿਵਾਉਣ ਦਾ ਪ੍ਰੋਗਰਾਮ ਉਲੀਕਿਆ।
ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਰਾਜਨੀਤੀ ਨਫ਼ਰਤ ਜਾਂ ਬਦਲਾਖੋਰੀ ‘ਤੇ ਨਹੀਂ, ਸਗੋਂ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਪੰਜਾਬੀ ਸੱਭਿਆਚਾਰ ਦੀ ਸਾਂਝ ‘ਤੇ ਆਧਾਰਿਤ ਹੋਵੇਗੀ। ਖੇਡਾਂ ਦੇ ਮੈਦਾਨ ਵਾਂਗ ਰਾਜਨੀਤੀ ਵਿੱਚ ਵੀ ਤਾਲਮੇਲ ਦੀ ਵਕਾਲਤ ਕਰਦਿਆਂ ਉਨ੍ਹਾਂ ਆਖਿਆ, “ਮੈਂ ਟੀਮ ਵਰਕ ਵਿੱਚ ਵਿਸ਼ਵਾਸ ਰੱਖਦਾ ਹਾਂ। ਇਕੱਲਾ ਵਿਅਕਤੀ ਸੰਗਠਨ ਨਹੀਂ ਚਲਾ ਸਕਦਾ; ਪੰਜਾਬ ਦਾ ਭਲਾ ਸਾਡਾ ਮੁੱਖ ਟੀਚਾ ਹੈ ਅਤੇ ਕਾਂਗਰਸ ਉਸ ਮੰਜ਼ਿਲ ਤੱਕ ਪਹੁੰਚਣ ਦਾ ਜ਼ਰੀਆ ਹੈ।”
ਦੂਜੇ ਪਾਸੇ ਸਚਿਨ ਪਾਇਲਟ ਨੇ ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਅਤੇ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਨੂੰ ਸੂਬੇ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਦੱਸਿਆ। ਉਨ੍ਹਾਂ ਜ਼ੋਰ ਦਿੱਤਾ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਸੂਬੇ ਨੂੰ ਮੁੜ ਲੀਹ ‘ਤੇ ਲਿਆਉਣਾ ਕਾਂਗਰਸ ਦੀ ਪਹਿਲੀ ਤਰਜੀਹ ਹੋਵੇਗੀ। ਪਾਇਲਟ ਨੇ ਦਾਅਵਾ ਕੀਤਾ ਕਿ ਪਾਰਟੀ 2027 ਵਿੱਚ ਪੂਰਨ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰੇਗੀ।
ਹਾਲਾਂਕਿ, ਇਸ ਅਹਿਮ ਦੌਰੇ ਦੌਰਾਨ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਸੰਸਦ ਮੈਂਬਰ ਇਸ ਸਮਾਗਮ ਵਿੱਚ ਹਾਜ਼ਰ ਨਹੀਂ ਸਨ। ਦੱਸਿਆ ਗਿਆ ਕਿ ਇਹ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਦਿੱਲੀ ਵਿੱਚ ਹੋ ਰਹੇ ਪ੍ਰਦਰਸ਼ਨ ਵਿੱਚ ਰੁੱਝੇ ਹੋਏ ਸਨ। ਅਜਿਹੇ ਵਿੱਚ ਨਵੇਂ ਪ੍ਰਧਾਨ ਪ੍ਰਗਟ ਸਿੰਘ ਸਾਹਮਣੇ ਪਾਰਟੀ ਦੇ ਦਿੱਗਜਾਂ ਨੂੰ ਇੱਕ ਮੰਚ ‘ਤੇ ਲਿਆਉਣਾ ਅਤੇ ਜ਼ਮੀਨੀ ਪੱਧਰ ‘ਤੇ ਕਾਡਰ ਨੂੰ ਲਾਮਬੰਦ ਕਰਨਾ ਵੱਡੀ ਚੁਣੌਤੀ ਰਹੇਗਾ।

Leave a Comment

Your email address will not be published. Required fields are marked *

Scroll to Top