Parvinder Jhota Death Case Latest News Today: ਜ਼ਿਲ੍ਹਾ ਮਾਨਸਾ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਨ ਵਾਲੇ ਚਰਚਿਤ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਸੂਬੇ ਵਿੱਚ ਸਨਸਨੀ ਫੈਲ ਗਈ ਹੈ। ਇਸ ਖ਼ੂਨੀ ਹਮਲੇ ਦੌਰਾਨ ਝੋਟਾ ਦੇ ਦੋ ਹੋਰ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਇਸ ਦਰਦਨਾਕ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੀ ਇੱਕ ਹੰਗਾਮੀ ਉੱਚ-ਪੱਧਰੀ ਮੀਟਿੰਗ ਤਲਬ ਕਰ ਲਈ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਭਰ ਦੇ ਸਮੂਹ ਐੱਸਐੱਸਪੀਜ਼, ਡੀਐੱਸਪੀਜ਼ ਅਤੇ ਐੱਸਡੀਐੱਮਜ਼ ਨਾਲ ਸੂਬੇ ਦੇ ਅਮਨ-ਕਾਨੂੰਨ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਨੂੰ ਲੈ ਕੇ ਵਿਸ਼ੇਸ਼ ਸਮੀਖਿਆ ਬੈਠਕ ਵੀ ਕਰਨ ਜਾ ਰਹੇ ਹਨ ਤਾਂ ਜੋ ਜ਼ਮੀਨੀ ਹਾਲਾਤ ‘ਤੇ ਸਖ਼ਤ ਕੰਟਰੋਲ ਬਣਾਇਆ ਜਾ ਸਕੇ।
ਮੈਡੀਕਲ ਸਟੋਰ ਸੰਚਾਲਕ ਨਾਲ ਵਿਵਾਦ ਅਤੇ ਪੁਲਿਸ ਪੜਤਾਲ
ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਟੀਮਾਂ ਹਰਕਤ ਵਿੱਚ ਆ ਗਈਆਂ ਹਨ ਅਤੇ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲ ਕੇ ਹਮਲਾਵਰਾਂ ਦੀ ਪੈੜ ਨੱਪਣ ਦਾ ਯਤਨ ਕੀਤਾ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਗੋਲੀਬਾਰੀ ਤੋਂ ਕੁਝ ਸਮਾਂ ਪਹਿਲਾਂ ਪਰਵਿੰਦਰ ਝੋਟਾ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਨਸ਼ੀਲੀਆਂ ਦਵਾਈਆਂ ਦੇ ਮੁੱਦੇ ‘ਤੇ ਇੱਕ ਮੈਡੀਕਲ ਸਟੋਰ ਸੰਚਾਲਕ ਨਾਲ ਬਹਿਸ ਕਰ ਰਿਹਾ ਸੀ।
ਪੁਲਿਸ ਰਿਕਾਰਡ ਮੁਤਾਬਕ ਉਕਤ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨਾਲ ਝੋਟਾ ਦਾ 2023 ਵਿੱਚ ਵੀ ਵਿਵਾਦ ਹੋਇਆ ਸੀ। ਫਿਲਹਾਲ ਦੁਕਾਨਦਾਰ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਕਤਲ ਦੀ ਇਸ ਤਾਜ਼ਾ ਵਾਰਦਾਤ ਦੇ ਤਾਰ ਪੁਰਾਣੀ ਰੰਜਿਸ਼ ਨਾਲ ਜੁੜੇ ਹੋਏ ਹਨ ਜਾਂ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਹੈ।
ਸਮਰਥਕਾਂ ਵੱਲੋਂ ਮਾਨਸਾ ਬੰਦ ਦਾ ਐਲਾਨ
ਇਸ ਕਤਲ ਕਾਂਡ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਫੈਲ ਗਿਆ ਹੈ। ਮਰਹੂਮ ਕਾਰਕੁੰਨ ਦੇ ਸਮਰਥਕਾਂ ਅਤੇ ਸਥਾਨਕ ਜਥੇਬੰਦੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਮਾਨਸਾ ਸ਼ਹਿਰ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਮਾਹੌਲ ਤਣਾਅਪੂਰਨ ਹੋਣ ਕਾਰਨ ਪੁਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਵੱਲੋਂ ਸੱਦੀ ਗਈ ਬੈਠਕ ਅਤੇ ਜਾਂਚ ਏਜੰਸੀਆਂ ਦੀ ਕਾਰਵਾਈ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਹੋਰ ਤੱਥ ਜਨਤਕ ਹੋਣ ਦੀ ਉਮੀਦ ਹੈ।



