Pargat Singh on Becoming Punjab Congress President Latest News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਸੂਬੇ ਅੰਦਰ ਆਪਸੀ ਭਾਈਚਾਰਕ ਸਾਂਝ, ਸ਼ਾਂਤੀ ਅਤੇ ਪੰਜਾਬ-ਪੱਖੀ ਮੁੱਦਿਆਂ ‘ਤੇ ਆਧਾਰਿਤ ਰਾਜਨੀਤੀ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ਦੇ ਲੋਕਾਂ ਨੇ ਕਦੇ ਵੀ ਨਫ਼ਰਤ ਅਤੇ ਵੰਡੀਆਂ ਪਾਉਣ ਵਾਲੀ ਸਿਆਸਤ ਨੂੰ ਪ੍ਰਵਾਨ ਨਹੀਂ ਕੀਤਾ, ਅਤੇ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਹੱਕਾਂ ਦੀ ਰਾਖੀ ਲਈ ਹਰ ਵਰਗ ਇਕਜੁੱਟ ਹੋਵੇ।
ਪ੍ਰਧਾਨਗੀ ਦੀ ਕਮਾਨ ਹੱਥ ਵਿੱਚ ਲੈਂਦਿਆਂ ਹੀ ਸਾਬਕਾ ਓਲੰਪੀਅਨ ਨੇ ਮੌਜੂਦਾ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਸਰਕਾਰੀ ਜਾਇਦਾਦਾਂ ਦੇ ਰੱਖ-ਰਖਾਅ ਅਤੇ ਖ਼ਜ਼ਾਨੇ ਦੀ ਕਥਿਤ ਲੁੱਟ ਦੇ ਮੁੱਦੇ ਉਠਾਉਂਦਿਆਂ ਕਿਹਾ ਕਿ ਪੰਜਾਬ ਦੇ ਸਰੋਤਾਂ ਅਤੇ ਹਿੱਤਾਂ ਦੀ ਰਾਖੀ ਲਈ ਪੰਜਾਬੀਆਂ ਨੂੰ ਸਾਂਝਾ ਮੋਰਚਾ ਬਣਾਉਣਾ ਪਵੇਗਾ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਮਗਰੋਂ 2 ਅਕਤੂਬਰ ਨੂੰ ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਦੇ ਮੋਢਿਆਂ ‘ਤੇ ਸੂਬੇ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਫੇਰਬਦਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਹਾਈਕਮਾਨ ਦਾ ਧੰਨਵਾਦ, ਸੰਗਠਨ ਮਜ਼ਬੂਤ ਕਰਨ ਦਾ ਅਹਿਦ
ਨਵੀਂ ਜ਼ਿੰਮੇਵਾਰੀ ਮਿਲਣ ਉਪਰੰਤ ਪਰਗਟ ਸਿੰਘ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕੇ.ਸੀ. ਵੇਣੂਗੋਪਾਲ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਸੂਬੇ ਦੇ ਸਮੂਹ ਸੀਨੀਅਰ ਕਾਂਗਰਸੀ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਵਰਕਰਾਂ ਨੂੰ ਨਾਲ ਲੈ ਕੇ ਜ਼ਮੀਨੀ ਪੱਧਰ ‘ਤੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨਗੇ।
ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੇ ਓਲੰਪੀਅਨ ਪਰਗਟ ਸਿੰਘ ਜਲੰਧਰ ਛਾਉਣੀ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਅਤੇ ਸਾਬਕਾ ਖੇਡ ਤੇ ਸਿੱਖਿਆ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਸੂਬਾ ਕਾਂਗਰਸ ਅੰਦਰ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਦੇ ਚੱਲ ਰਹੇ ਦੌਰ ਦਰਮਿਆਨ ਉਨ੍ਹਾਂ ਦੀ ਇਹ ਤਾਜਪੋਸ਼ੀ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਉਨ੍ਹਾਂ ਦਾ ਪਹਿਲਾ ਕਦਮ ਸਮੂਹ ਆਗੂਆਂ ਵਿਚਕਾਰ ਆਪਸੀ ਤਾਲਮੇਲ ਕਾਇਮ ਕਰਕੇ ਪਾਰਟੀ ਨੂੰ ਇਕਮੁੱਠ ਕਰਨਾ ਅਤੇ 2027 ਦੇ ਦੰਗਲ ਲਈ ਲੜਾਕੂ ਤਿਆਰੀ ਕਰਨਾ ਹੋਵੇਗਾ। ਪਰਗਟ ਸਿੰਘ ਨੇ ਸਾਫ਼ ਆਖਿਆ ਕਿ ਕਾਂਗਰਸ ਨਕਾਰਾਤਮਕਤਾ ਛੱਡ ਕੇ ਉਸਾਰੂ ਤੇ ਲੋਕ-ਪੱਖੀ ਏਜੰਡੇ ਨਾਲ ਘਰ-ਘਰ ਤੱਕ ਪਹੁੰਚ ਕਰੇਗੀ।



