Life-threatening attack on a female doctor at Kharar Hospital: ਸਬ-ਡਵੀਜ਼ਨਲ ਹਸਪਤਾਲ ਖਰੜ ਵਿਖੇ ਡਿਊਟੀ ਦੌਰਾਨ ਇੱਕ ਮਹਿਲਾ ਮੈਡੀਕਲ ਅਫ਼ਸਰ ਨਾਲ ਮਰੀਜ਼ ਵੱਲੋਂ ਕੁੱਟਮਾਰ ਕਰਨ, ਕੱਪੜੇ ਪਾੜਨ ਅਤੇ ਹਸਪਤਾਲ ਦੇ ਸਰਕਾਰੀ ਸਾਮਾਨ ਦੀ ਭੰਨਤੋੜ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਮਰੀਜ਼ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 24 ਅਕਤੂਬਰ ਦੀ ਰਾਤ ਕਰੀਬ 8 ਵਜੇ ਵਾਪਰੀ। ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਹਰਮਨਪ੍ਰੀਤ ਕੌਰ ਜਦੋਂ ਇਲਾਜ ਲਈ ਪਹੁੰਚੇ ਉਕਤ ਵਿਅਕਤੀ ਦੀ ਜਾਂਚ ਕਰ ਰਹੇ ਸਨ, ਤਾਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਮਰੀਜ਼ ਹਿੰਸਕ ਹੋ ਗਿਆ ਅਤੇ ਉਸ ਨੇ ਡਾਕਟਰ ’ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਉਸ ਨੇ ਡਾਕਟਰ ਨੂੰ ਵਾਲਾਂ ਤੋਂ ਫੜ੍ਹ ਕੇ ਜ਼ਮੀਨ ’ਤੇ ਸੁੱਟ ਲਿਆ ਅਤੇ ਕੱਪੜੇ ਪਾੜ ਦਿੱਤੇ। ਜਦੋਂ ਹਸਪਤਾਲ ਦੇ ਬਾਕੀ ਸਟਾਫ਼ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਅਤੇ ਵਾਰਡ ਅੰਦਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਕਰੀਬ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਸਟਾਫ਼ ਮੈਂਬਰਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਣਜੀਤਪਾਲ ਸਿੰਘ ਵਜੋਂ ਹੋਈ ਹੈ, ਜੋ ਖਰੜ ਦੇ ਰਾਮ ਬਾਗ ਇਲਾਕੇ ਨੇੜਲੇ ਹੀਰਾ ਸਿੰਘ ਨਗਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ।
ਭਾਰਤੀ ਨਿਆਂ ਸੰਹਿਤਾ (BNS) ਤਹਿਤ ਪਰਚਾ ਦਰਜ
ਸਿਟੀ ਖਰੜ ਪੁਲਿਸ ਥਾਣੇ ਨੇ ਡਾਕਟਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 115(2), 76 (ਮਹਿਲਾ ਨਾਲ ਛੇੜਛਾੜ ਤੇ ਕੱਪੜੇ ਲਾਹੁਣ ਦੀ ਨੀਅਤ ਨਾਲ ਹਮਲਾ), 132 ਅਤੇ 221 ਤੋਂ ਇਲਾਵਾ ‘ਪਬਲਿਕ ਪ੍ਰਾਪਰਟੀ ਪ੍ਰੀਵੈਂਸ਼ਨ ਆਫ਼ ਡੈਮੇਜ ਐਕਟ’ ਦੀਆਂ ਧਾਰਾਵਾਂ 3 ਤੇ 4 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਧਾਰਾਵਾਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਸਰਕਾਰੀ ਕਰਮਚਾਰੀ ’ਤੇ ਹਮਲਾ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹਨ।
ਪੀਸੀਐੱਮਐੱਸਏ (PCMSA) ਨੇ ਚੁੱਕੇ ਸੁਰੱਖਿਆ ’ਤੇ ਸਵਾਲ; 12 ਨਵੰਬਰ ਤੱਕ ਮੰਗੀ ਪੁਖ਼ਤਾ ਸੁਰੱਖਿਆ
ਸਰਕਾਰੀ ਹਸਪਤਾਲ ਵਿੱਚ ਵਾਪਰੇ ਇਸ ਸ਼ਰਮਨਾਕ ਕਾਂਡ ਤੋਂ ਬਾਅਦ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਨੇ ਘਟਨਾ ’ਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਘਟਨਾ ਸਮੇਂ ਖਰੜ ਹਸਪਤਾਲ ਵਿੱਚ ਕੋਈ ਢੁਕਵਾਂ ਸੁਰੱਖਿਆ ਪ੍ਰਬੰਧ ਮੌਜੂਦ ਨਹੀਂ ਸੀ।
ਜਥੇਬੰਦੀ ਨੇ ਦੱਸਿਆ ਕਿ ਡਾਕਟਰ ਨੂੰ ਕਈ ਮਿੰਟਾਂ ਤੱਕ ਵਾਲਾਂ ਤੋਂ ਫੜ੍ਹ ਕੇ ਹੇਠਾਂ ਸੁੱਟਿਆ ਰੱਖਿਆ ਗਿਆ ਅਤੇ ਉਸ ਦਾ ਨਿੱਜੀ ਸਾਮਾਨ ਵੀ ਨੁਕਸਾਨਿਆ ਗਿਆ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ 287 ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਜੋ ਤਜਵੀਜ਼ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (PHSC) ਕੋਲ ਵਿਚਾਰ ਅਧੀਨ ਹੈ, ਉਸ ਨੂੰ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਭਰ ਦੇ ਸਾਰੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਦੂਜੇ ਪੜਾਅ ਨੂੰ 12 ਨਵੰਬਰ ਤੱਕ ਹਰ ਹਾਲ ਅਮਲ ਵਿੱਚ ਲਿਆਂਦਾ ਜਾਵੇ, ਤਾਂ ਜੋ ਸਿਹਤ ਮੁਲਾਜ਼ਮ ਬਿਨਾਂ ਕਿਸੇ ਡਰ ਤੋਂ ਮਰੀਜ਼ਾਂ ਦੀ ਸੇਵਾ ਕਰ ਸਕਣ।



