LPU Violence: ਐੱਲਪੀਯੂ ਕੈਂਪਸ ’ਚ ਭੰਨ-ਤੋੜ ਤੇ ਅੱਗਜ਼ਨੀ ਮਾਮਲਾ: ਪੁਲਿਸ ਵੱਲੋਂ 9 ਮੁਲਜ਼ਮ ਗ੍ਰਿਫ਼ਤਾਰ; ਜੰਮੂ ਤੇ ਮੁੰਬਈ ਤੱਕ ਛਾਪੇਮਾਰੀ

LPU Students Protest: ਯੂਨੀਵਰਸਿਟੀ ਨੇ ਬਲਾਤਕਾਰ ਦੇ ਦਾਅਵਿਆਂ ਨੂੰ ਨਕਾਰਿਆ; ਸੋਸ਼ਲ ਮੀਡੀਆ ਅਫ਼ਵਾਹਾਂ ਦੀ ਪੁਲਿਸ ਵੱਲੋਂ ਪੜਤਾਲ

Jalandhar LPU Violence Latest News Today: ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (LPU) ਵਿੱਚ ਬੀਤੀ 26 ਸਤੰਬਰ ਨੂੰ ਭੜਕੀ ਹਿੰਸਾ ਅਤੇ ਉਪੱਦਰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 9 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਹੰਗਾਮਾ ਸੋਸ਼ਲ ਮੀਡੀਆ ‘ਤੇ ਵਿਦਿਆਰਥੀਆਂ ਵਿਚਕਾਰ ਤੇਜ਼ੀ ਨਾਲ ਵਾਇਰਲ ਹੋਏ ਇੱਕ ਸੁਨੇਹੇ ਮਗਰੋਂ ਸ਼ੁਰੂ ਹੋਇਆ ਸੀ, ਜਿਸ ਨੇ ਕੁਝ ਹੀ ਘੰਟਿਆਂ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਦਾ ਰੂਪ ਧਾਰ ਲਿਆ।

ਪੁਲਿਸ ਅਨੁਸਾਰ ਪ੍ਰਦਰਸ਼ਨ ਦੌਰਾਨ ਮਾਹੌਲ ਉਸ ਵੇਲੇ ਬੇਕਾਬੂ ਹੋ ਗਿਆ ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਕੈਂਪਸ ਵਿੱਚ ਖੜ੍ਹੀਆਂ ਗੱਡੀਆਂ ਦੀ ਭੰਨ-ਤੋੜ ਕੀਤੀ ਗਈ, ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਸਮੇਤ ਕਵਰੇਜ ਕਰ ਰਹੇ ਮੀਡੀਆ ਕਰਮੀਆਂ ‘ਤੇ ਵੀ ਹਮਲਾ ਕੀਤਾ ਗਿਆ।

ਪੱਥਰਬਾਜ਼ੀ ਤੇ ਅੱਗਜ਼ਨੀ ਮਗਰੋਂ ਕੀਤੀ ਗਈ ਕਾਰਵਾਈ: ਡੀਆਈਜੀ

ਡੀਆਈਜੀ ਨਵੀਨ ਸਿੰਗਲਾ ਨੇ ਐੱਸਐੱਸਪੀ ਗੌਰਵ ਤੂਰਾ ਅਤੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਇੰਚਾਰਜ ਵਨੀਤ ਅਹਿਲਾਵਤ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸ਼ੁਰੂਆਤ ਵਿੱਚ ਪੁਲਿਸ ਨੇ ਸੰਜਮ ਵਰਤਿਆ ਅਤੇ ਕੋਈ ਲਾਠੀਚਾਰਜ ਨਹੀਂ ਕੀਤਾ। ਹਾਲਾਂਕਿ, ਜਦੋਂ ਭੀੜ ਵਿੱਚੋਂ ਪੁਲਿਸ ਪਾਰਟੀ ‘ਤੇ ਪਥਰਾਅ ਸ਼ੁਰੂ ਹੋਇਆ ਅਤੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਅੱਗ ਲਗਾਈ ਜਾਣ ਲੱਗੀ ਤਾਂ ਅਮਨ-ਕਾਨੂੰਨ ਬਹਾਲ ਕਰਨ ਲਈ ਬਲ ਪ੍ਰਯੋਗ ਕਰਨਾ ਪਿਆ।

ਫ਼ੜੇ ਗਏ ਮੁਲਜ਼ਮਾਂ ’ਚ 7 ਵਿਦਿਆਰਥੀ ਤੇ 2 ਬਾਹਰੀ ਸ਼ਾਮਲ

ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਮਾਮਲੇ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਫ਼ਗਵਾੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀਆਂ ਨੂੰ ਸੂਹ ਦੇ ਆਧਾਰ ‘ਤੇ ਜੰਮੂ ਅਤੇ ਮੁੰਬਈ ਤੋਂ ਕਾਬੂ ਕੀਤਾ ਗਿਆ। ਹੁਣ ਤੱਕ ਸਾਹਮਣੇ ਆਏ ਤੱਥਾਂ ਮੁਤਾਬਕ ਐੱਫਆਈਆਰ ਵਿੱਚ 20 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਹਿਰਾਸਤ ਵਿੱਚ ਲਏ ਗਏ 9 ਜਣਿਆਂ ਵਿੱਚੋਂ 7 ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀ ਹਨ, ਜਦਕਿ 2 ਵਿਅਕਤੀ ਬਾਹਰੀ ਦੱਸੇ ਜਾ ਰਹੇ ਹਨ।

ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਘਟਨਾ ਦੀਆਂ ਸੀਸੀਟੀਵੀ ਫੁਟੇਜਾਂ ਅਤੇ ਮੋਬਾਈਲ ਵੀਡੀਓਜ਼ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਤਾਂ ਜੋ ਹਿੰਸਾ ਭੜਕਾਉਣ ਵਾਲੇ ਅਸਲ ਸਰਗਣਿਆਂ ਦਾ ਪਤਾ ਲਗਾਇਆ ਜਾ ਸਕੇ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੀਆਂ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

Leave a Comment

Your email address will not be published. Required fields are marked *

Scroll to Top