ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਚਾਟੀਵਿੰਡ ਦੇ ਪਿੰਡ ਝੀਤੇ ਕਲਾਂ ਵਿੱਚ ਸੋਮਵਾਰ ਰਾਤ ਪੁਰਾਣੀ ਖ਼ੁਣਸ ਕਾਰਨ ਹੋਈ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਆਗੂ ਕਾਰਜ ਸਿੰਘ ਦੇ ਭਰਾ ਤੀਰਥ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਝੜਪ ਵਿੱਚ ਮ੍ਰਿਤਕ ਦਾ ਦੋਸਤ ਰਣਜੀਤ ਸਿੰਘ ਵੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਇਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੀਰਥ ਸਿੰਘ ਆਪਣੇ ਸਾਥੀ ਰਣਜੀਤ ਸਿੰਘ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ। ਇਸੇ ਦੌਰਾਨ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਘੇਰ ਲਿਆ। ਦੇਖਦੇ ਹੀ ਦੇਖਦੇ ਮਾਮੂਲੀ ਤਕਰਾਰ ਹੱਥੋਪਾਈ ਵਿੱਚ ਬਦਲ ਗਈ ਅਤੇ ਹਮਲਾਵਰਾਂ ਨੇ ਪਿਸਤੌਲ ਕੱਢ ਕੇ ਅੰਨ੍ਹੇਵਾਹ 7 ਤੋਂ 8 ਰਾਊਂਡ ਫਾਇਰ ਝੋਂਕ ਦਿੱਤੇ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਹਮਲਾਵਰ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਗੋਲੀਆਂ ਲੱਗਣ ਕਾਰਨ ਲਹੂ-ਲੁਹਾਣ ਹੋਏ ਦੋਵਾਂ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤੀਰਥ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਜ਼ਖ਼ਮੀ ਰਣਜੀਤ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਰਾਣੀ ਦੁਸ਼ਮਣੀ ਬਣੀ ਕਤਲ ਦਾ ਕਾਰਨ
ਐੱਸਐੱਸਪੀ (ਦਿਹਾਤੀ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਮਲਾ ਦੋਵਾਂ ਧਿਰਾਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੀ ਆਪਸੀ ਰੰਜਿਸ਼ ਦਾ ਨਤੀਜਾ ਹੈ। ਪਿੰਡ ਦੇ ਵਸਨੀਕ ਗੁਰਦਿੱਤ ਸਿੰਘ ਅਤੇ ਕਾਰਜ ਸਿੰਘ ਦੇ ਪਰਿਵਾਰ ਵਿਚਾਲੇ ਪਹਿਲਾਂ ਵੀ ਤਕਰਾਰ ਹੋਈ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਦਖ਼ਲ ਦੇ ਕੇ ਨਿਬੇੜ ਦਿੱਤਾ ਸੀ। ਸੋਮਵਾਰ ਰਾਤ ਮੁਲਜ਼ਮਾਂ ਨੇ ਮੌਕਾ ਪਾ ਕੇ ਤੀਰਥ ਸਿੰਘ ਨੂੰ ਨਿਸ਼ਾਨਾ ਬਣਾ ਲਿਆ।
ਦੱਸਣਯੋਗ ਹੈ ਕਿ ਕਾਰਜ ਸਿੰਘ ਬਲਾਕ ਸੰਮਤੀ ਮੈਂਬਰ ਹਨ, ਜਦਕਿ ਉਨ੍ਹਾਂ ਦੀ ਮਾਤਾ ਪਿੰਡ ਝੀਤੇ ਕਲਾਂ ਦੀ ਸਰਪੰਚ ਹਨ, ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ।
ਪੁਲਿਸ ਵੱਲੋਂ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਥਾਣਾ ਚਾਟੀਵਿੰਡ ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪਿੰਡ ਦੇ ਹੀ ਰਹਿਣ ਵਾਲੇ ਚਾਰ ਮੁਲਜ਼ਮਾਂ—ਗੁਰਦਿੱਤ ਸਿੰਘ, ਹਰਕੀਰਤ ਸਿੰਘ, ਗੁਰਜੰਟ ਸਿੰਘ ਅਤੇ ਗੋਰਾ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਚਾਹਲ ਅਨੁਸਾਰ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਿੰਡ ਵਿੱਚ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।



