Amit Shah Mansa Visit To Meet Parvinder Jhota Family, Heavy Police Deployement: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ (ਮੰਗਲਵਾਰ) ਮਾਨਸਾ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜ਼ਿਲ੍ਹੇ ਭਰ ਵਿੱਚ ਲਗਭਗ 3,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਨਵੀਂ ਅਨਾਜ ਮੰਡੀ ਅਤੇ ਨਸ਼ਾ ਵਿਰੋਧੀ ਕਾਰਕੁਨ ਰਹੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਘਰ ਦੇ ਆਲੇ-ਦੁਆਲੇ ਦੋ ਕਿਲੋਮੀਟਰ ਖੇਤਰ ਨੂੰ ‘ਰੈੱਡ ਜ਼ੋਨ’ ਐਲਾਨਦਿਆਂ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
ਤੈਅ ਪ੍ਰੋਗਰਾਮ ਮੁਤਾਬਕ ਗ੍ਰਹਿ ਮੰਤਰੀ ਆਪਣੇ ਇਸ ਦੌਰੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨਗੇ। ਇਹ ਮੀਟਿੰਗ ਲਗਭਗ 45 ਮਿੰਟ ਚੱਲਣ ਦੀ ਸੰਭਾਵਨਾ ਹੈ।
ਅਮਿਤ ਸ਼ਾਹ ਦੇ ਕਾਫ਼ਲੇ ਲਈ ਨਵੀਂ ਅਨਾਜ ਮੰਡੀ ਵਿਖੇ ਇੱਕ ਆਰਜ਼ੀ ਹੈਲੀਪੈਡ ਤਿਆਰ ਕੀਤਾ ਗਿਆ ਹੈ, ਜਿੱਥੋਂ ਉਹ ਸਿੱਧਾ ਪਰਿਵਾਰ ਦੇ ਘਰ ਪਹੁੰਚਣਗੇ। ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਗੱਲਬਾਤ ਕਰਨ ਤੋਂ ਬਾਅਦ ਉਹ ਵਾਪਸ ਹੈਲੀਪੈਡ ਪਹੁੰਚ ਕੇ ਆਪਣੇ ਅਗਲੇ ਪ੍ਰੋਗਰਾਮ ਲਈ ਰਵਾਨਾ ਹੋਣਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗ੍ਰਹਿ ਮੰਤਰੀ ਦੇ ਸ਼ਡਿਊਲ ਵਿੱਚ ਮਾਨਸਾ ਵਿਖੇ ਕੋਈ ਹੋਰ ਜਨਤਕ ਇਕੱਠ ਜਾਂ ਦੌਰਾ ਸ਼ਾਮਲ ਨਹੀਂ ਹੈ।
ਲੁਧਿਆਣਾ ਦੇ ਦਰੇਸੀ ਮੈਦਾਨ ‘ਚ ਦੁਸਹਿਰਾ ਸਮਾਗਮ ‘ਚ ਕਰਨਗੇ ਸ਼ਿਰਕਤ
ਮਾਨਸਾ ਵਿੱਚ ਆਪਣਾ ਪ੍ਰੋਗਰਾਮ ਮੁਕੰਮਲ ਕਰਨ ਉਪਰੰਤ ਅਮਿਤ ਸ਼ਾਹ ਲੁਧਿਆਣਾ ਲਈ ਰਵਾਨਾ ਹੋਣਗੇ, ਜਿੱਥੇ ਉਹ ਇਤਿਹਾਸਕ ਦਰੇਸੀ ਗਰਾਊਂਡ ਵਿਖੇ ਕਰਵਾਏ ਜਾ ਰਹੇ ਦੁਸਹਿਰਾ ਸਮਾਗਮ ਵਿੱਚ ਹਿੱਸਾ ਲੈਣਗੇ।
ਉਨ੍ਹਾਂ ਦੇ ਦੁਪਹਿਰ ਬਾਅਦ ਕਰੀਬ 4:30 ਵਜੇ ਹਲਵਾਰਾ ਏਅਰ ਫੋਰਸ ਸਟੇਸ਼ਨ ਵਿਖੇ ਉਤਰਨ ਦੀ ਉਮੀਦ ਹੈ। ਹਲਵਾਰਾ ਪਹੁੰਚਣ ਮੌਕੇ ਉਨ੍ਹਾਂ ਦੀ ਮੀਡੀਆ ਕਰਮੀਆਂ ਨਾਲ ਸੰਖੇਪ ਗੱਲਬਾਤ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਇੱਕੋ ਦਿਨ ਵਿੱਚ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦੇ ਮੱਦੇਨਜ਼ਰ ਖ਼ੁਫ਼ੀਆ ਏਜੰਸੀਆਂ ਅਤੇ ਸਥਾਨਕ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ, ਤਾਂ ਜੋ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਰਹੇ।



