AAP vs Raghav Chadha controversy: ‘ਆਪ’ ਵੱਲੋਂ ਰਾਘਵ ਚੱਢਾ ‘ਤੇ ਪਿਛਲੀ ਤਾਰੀਖ਼ ‘ਚ ਵੋਟ ਦਰਜ ਕਰਵਾਉਣ ਦੇ ਦੋਸ਼; ਚੱਢਾ ਨੇ ਸਾਧਿਆ ਸਿਆਸੀ ਨਿਸ਼ਾਨਾ

AAP vs Raghav Chadha Electoral Roll Revision controversy: ਆਮ ਆਦਮੀ ਪਾਰਟੀ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਵੋਟਰ ਸੂਚੀਆਂ ਦੀ ਸੁਧਾਈ ਨੂੰ ਲੈ ਕੇ ਖੜ੍ਹਾ ਹੋਇਆ ਤਾਜ਼ਾ ਮਤਭੇਦ ਹੋਰ ਡੂੰਘਾ ਹੋ ਗਿਆ ਹੈ। ਪਾਰਟੀ ਨੇ ਚੱਢਾ ‘ਤੇ ਕਥਿਤ ਤੌਰ ‘ਤੇ ਪਿਛਲੀ ਮਿਤੀ (ਬੈਕਡੇਟਿਡ ਪ੍ਰਕਿਰਿਆ) ਰਾਹੀਂ ਦਿੱਲੀ ਵਿੱਚ ਵੋਟ ਦਰਜ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ ਹਨ।

ਸੋਸ਼ਲ ਮੀਡੀਆ ਮੰਚ ‘ਤੇ ਜਾਰੀ ਇੱਕ ਬਿਆਨ ਵਿੱਚ ‘ਆਪ’ ਨੇ ਦਾਅਵਾ ਕੀਤਾ ਕਿ ਇੱਕ ਨਾਮਵਰ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਰਾਹੀਂ ਚੱਢਾ ਵੱਲੋਂ ਦਿੱਲੀ ਵਿੱਚ ਵੋਟ ਤਬਦੀਲ ਕਰਵਾਉਣ ਦੇ ਯਤਨਾਂ ਦਾ ਭਾਂਡਾ ਭੱਜਿਆ ਹੈ। ਪਾਰਟੀ ਨੇ ਇਹ ਦੋਸ਼ ਵੀ ਮੜ੍ਹਿਆ ਕਿ ਉਹ ਇਸ ਸਾਰੇ ਘਟਨਾਕ੍ਰਮ ਦਾ ਠੀਕਰਾ ਪੰਜਾਬ ਸਰਕਾਰ ਅਤੇ ਜਥੇਬੰਦੀ ਸਿਰ ਭੰਨਣ ਦਾ ਯਤਨ ਕਰ ਰਹੇ ਹਨ।

ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਜਨਤਕ ਤੌਰ ‘ਤੇ ਇਤਰਾਜ਼ ਜਤਾਇਆ ਸੀ ਕਿ ਪੰਜਾਬ ਤੋਂ ਮੌਜੂਦਾ ਸੰਸਦ ਮੈਂਬਰ ਹੋਣ ਅਤੇ ਮੁਹਾਲੀ ਵਿਖੇ ਵੋਟਰ ਵਜੋਂ ਰਜਿਸਟਰਡ ਹੋਣ ਦੇ ਬਾਵਜੂਦ ਖਰੜਾ ਵੋਟਰ ਸੂਚੀ ਅੰਦਰ ਉਨ੍ਹਾਂ ਦਾ ਨਾਂ “ਤਬਦੀਲ” (Shifted) ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ। ਚੱਢਾ ਨੇ ਇਸ ਕਦਮ ਨੂੰ ਸਿਆਸੀ ਬਦਲਾਖੋਰੀ ਗਰਦਾਨਦਿਆਂ ਚੋਣ ਰਿਕਾਰਡ ਵਿੱਚ ਅਜਿਹੀ ਤਬਦੀਲੀ ਕਰਨ ਦੇ ਫ਼ੈਸਲੇ ‘ਤੇ ਸਵਾਲ ਖੜ੍ਹੇ ਕੀਤੇ ਸਨ।

ਇਹ ਸਾਰਾ ਵਿਵਾਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਮੁਹਿੰਮ ਦੁਆਲੇ ਘੁੰਮ ਰਿਹਾ ਹੈ। ਪਾਰਟੀ ਨੇ ਸਪੱਸ਼ਟ ਕੀਤਾ ਕਿ ਵੋਟਰ ਸੂਚੀਆਂ ਦੀ ਪੜਤਾਲ ਦਾ ਕੰਮ ਚੋਣ ਕਮਿਸ਼ਨ ਵੱਲੋਂ ਆਪਣੇ ਪੱਧਰ ‘ਤੇ ਨੇਪਰੇ ਚਾੜ੍ਹਿਆ ਜਾਂਦਾ ਹੈ, ਨਾ ਕਿ ਕਿਸੇ ਸੂਬਾਈ ਹਕੂਮਤ ਜਾਂ ਸਿਆਸੀ ਧਿਰ ਵੱਲੋਂ।

ਨਿਯਮਾਂ ਦਾ ਹਵਾਲਾ ਦਿੰਦਿਆਂ ਇਹ ਵੀ ਸਾਹਮਣੇ ਲਿਆਂਦਾ ਗਿਆ ਕਿ ਜਿਨ੍ਹਾਂ ਮੋਹਰੀ ਹਸਤੀਆਂ ਜਾਂ ਨਾਗਰਿਕਾਂ ਦੇ ਵੇਰਵਿਆਂ ਬਾਰੇ ਡੇਟਾਬੇਸ ਵਿੱਚ ਕੋਈ ਨਿਸ਼ਾਨਦੇਹੀ ਹੁੰਦੀ ਹੈ, ਉਨ੍ਹਾਂ ਦੇ ਨਾਂ ਖਰੜਾ ਸੂਚੀ ਵਿੱਚ ਸ਼ਾਮਲ ਰਹਿ ਸਕਦੇ ਹਨ ਅਤੇ ਉਹ ਦਾਅਵੇ ਜਾਂ ਇਤਰਾਜ਼ ਦਰਜ ਕਰਵਾਉਣ ਦੇ ਨਿਸ਼ਚਿਤ ਸਮੇਂ ਦੌਰਾਨ ਲੋੜੀਂਦੇ ਦਸਤਾਵੇਜ਼ ਪੇਸ਼ ਕਰ ਸਕਦੇ ਹਨ।

ਇਸ ਤਿੱਖੀ ਬਿਆਨਬਾਜ਼ੀ ਨੇ ਵੋਟਰਾਂ ਦੇ ਵੇਰਵੇ ਤਸਦੀਕ ਕਰਨ ਦੇ ਪ੍ਰਬੰਧਕੀ ਕੰਮ ਨੂੰ ਸਿਆਸੀ ਰੰਗਤ ਦੇ ਦਿੱਤੀ ਹੈ। ਫਿਲਹਾਲ ਕਿਸੇ ਵੀ ਧਿਰ ਦੇ ਬਿਆਨਾਂ ਨਾਲ ਕਿਸੇ ਬੇਨਿਯਮੀ ਦੀ ਕਾਨੂੰਨੀ ਪੁਸ਼ਟੀ ਨਹੀਂ ਹੋਈ ਹੈ, ਪਰ ਚੋਣ ਅਧਿਕਾਰੀਆਂ ਵੱਲੋਂ ਇਤਰਾਜ਼ਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਮਸਲਾ ਅਗਲੇ ਦਿਨਾਂ ਵਿੱਚ ਹੋਰ ਗਰਮਾਉਣ ਦੇ ਆਸਾਰ ਹਨ।

Leave a Comment

Your email address will not be published. Required fields are marked *

Scroll to Top