JP Nadda Health Update: ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦੀ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਵਿਖੇ ਐਂਜੀਓਪਲਾਸਟੀ ਹੋਣ ਤੋਂ ਬਾਅਦ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਏਮਜ਼ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਮੁਤਾਬਕ, ਸੀਨੀਅਰ ਭਾਜਪਾ ਆਗੂ ਨੂੰ ਕਾਰਡੀਓਲੋਜੀ (ਦਿਲ ਦੇ ਰੋਗ) ਵਿਭਾਗ ਵਿੱਚ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। 17 ਅਗਸਤ ਨੂੰ ਕੀਤੇ ਗਏ ਇਸ ਪ੍ਰੋਸੀਜ਼ਰ ਤੋਂ ਬਾਅਦ ਮਾਹਰ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ‘ਤੇ ਨਜ਼ਰ ਰੱਖ ਰਹੀ ਹੈ।
ਜੇ.ਪੀ. ਨੱਡਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ 13 ਅਗਸਤ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਦਾਖ਼ਲ ਹੋਣ ਉਪਰੰਤ ਉਨ੍ਹਾਂ ਦੇ ਦਿਲ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਰੋਨਰੀ ਐਂਜੀਓਗ੍ਰਾਫੀ ਸਮੇਤ ਕਈ ਜ਼ਰੂਰੀ ਜਾਂਚਾਂ ਕੀਤੀਆਂ ਗਈਆਂ।
ਡਾਕਟਰਾਂ ਨੇ ਕੁਝ ਦਿਨਾਂ ਤੱਕ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਐਂਜੀਓਪਲਾਸਟੀ ਕਰਨ ਦਾ ਫੈਸਲਾ ਲਿਆ, ਜੋ ਕਿ ਹਸਪਤਾਲ ਦਾਖ਼ਲ ਹੋਣ ਦੇ ਚਾਰ ਦਿਨ ਬਾਅਦ ਕੀਤੀ ਗਈ।
ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਪ੍ਰੋਸੀਜ਼ਰ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਸਥਿਰ ਹੈ ਅਤੇ ਉਹ ਮਾਹਰ ਡਾਕਟਰਾਂ ਦੀ ਦੇਖਰੇਖ ਹੇਠ ਇਲਾਜ ਲੈ ਰਹੇ ਹਨ। ਹਾਲਾਂਕਿ, ਹਸਪਤਾਲ ਵੱਲੋਂ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕਦੋਂ ਛੁੱਟੀ ਦਿੱਤੀ ਜਾਵੇਗੀ।
ਏਮਜ਼ ਪ੍ਰਸ਼ਾਸਨ ਅਨੁਸਾਰ ਦਿਲ ਦੇ ਰੋਗਾਂ ਦੇ ਮਾਹਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਵਿੱਚ ਆ ਰਹੇ ਸੁਧਾਰ ਨੂੰ ਨੇੜਿਓਂ ਦੇਖ ਰਹੀ ਹੈ ਅਤੇ ਲੋੜ ਪੈਣ ‘ਤੇ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। (JP Nadda Health Update)



