FlyDubai ਜਹਾਜ਼ ਅਗਵਾ ਕਰਨ ਦੀ ਸਾਜ਼ਿਸ਼: ਸਹਿ-ਪਾਇਲਟ ਵੱਲੋਂ ਕੁਹਾੜੀ ਨਾਲ ਭਾਰਤੀ ਕੈਪਟਨ ‘ਤੇ ਹਮਲਾ; ਯੂਏਈ ਵੱਲੋਂ ‘ਦਹਿਸ਼ਤੀ ਹਮਲੇ ਦੀ ਕੋਸ਼ਿਸ਼’ ਕਰਾਰ

FlyDubai ਜਹਾਜ਼ ਅਗਵਾ ਕਰਨ ਦੀ ਸਾਜ਼ਿਸ਼: ਸਹਿ-ਪਾਇਲਟ ਵੱਲੋਂ ਕੁਹਾੜੀ ਨਾਲ ਭਾਰਤੀ ਕੈਪਟਨ 'ਤੇ ਹਮਲਾ; ਯੂਏਈ ਵੱਲੋਂ 'ਦਹਿਸ਼ਤੀ ਹਮਲੇ ਦੀ ਕੋਸ਼ਿਸ਼' ਕਰਾਰ

UAE Names FlyDubai Plane Incident Terrorist Attack: ਦੁਬਈ ਤੋਂ ਤੇਲ ਅਵੀਵ ਜਾ ਰਹੀ ਫ਼ਲਾਈਦੁਬਈ (flydubai) ਦੀ ਉਡਾਣ ਐੱਫ਼ਜ਼ੈੱਡ1073 (FZ1073) ਵਿੱਚ ਅਸਮਾਨ ਵਿੱਚ ਵਾਪਰੇ ਖ਼ੌਫ਼ਨਾਕ ਕਾਂਡ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸਰਕਾਰੀ ਵਕੀਲ ਨੇ ਇੱਕ ਸ਼ੱਕੀ ‘ਅੱਤਵਾਦੀ ਹਮਲੇ ਦੀ ਕੋਸ਼ਿਸ਼’ ਕਰਾਰ ਦਿੱਤਾ ਹੈ। ਜਾਂਚ ਅਧਿਕਾਰੀਆਂ ਅਨੁਸਾਰ ਜਹਾਜ਼ ਦੇ ਸਹਿ-ਪਾਇਲਟ (ਕੋ-ਪਾਇਲਟ) ਨੇ ਕਾਕਪਿਟ ਵਿੱਚ ਮੌਜੂਦ ਐਮਰਜੈਂਸੀ ਕਰੈਸ਼-ਕੁਹਾੜੀ ਨਾਲ ਭਾਰਤੀ ਮੂਲ ਦੇ ਮੁੱਖ ਪਾਇਲਟ ਕੈਪਟਨ ਸਮਿਤ ਮੱਛਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ।

ਸੂਤਰਾਂ ਅਨੁਸਾਰ ਮੁਲਜ਼ਮ ਕੋ-ਪਾਇਲਟ ਦੀ ਪਛਾਣ ਓਮਾਨੀ ਨਾਗਰਿਕ ਹੰਮਾਮ ਅਲ-ਹਮਾਮੀ ਵਜੋਂ ਹੋਈ ਹੈ, ਹਾਲਾਂਕਿ ਅਮੀਰਾਤ ਪ੍ਰਸ਼ਾਸਨ ਨੇ ਅਧਿਕਾਰਤ ਤੌਰ ‘ਤੇ ਉਸ ਦੇ ਨਾਂ ਦੀ ਪੁਸ਼ਟੀ ਨਹੀਂ ਕੀਤੀ। ਇਸ ਘਟਨਾ ਨੇ ਹਵਾਬਾਜ਼ੀ ਸੁਰੱਖਿਆ ਮਾਹਿਰਾਂ ਦੇ ਵੀ ਹੋਸ਼ ਉਡਾ ਦਿੱਤੇ ਹਨ।

34,000 ਤੋਂ ਸਿੱਧਾ 16,600 ਫੁੱਟ ਹੇਠਾਂ ਡਿੱਗਿਆ ਜਹਾਜ਼

ਬੋਇੰਗ 737 ਜਹਾਜ਼ ਵਿੱਚ 170 ਤੋਂ ਵੱਧ ਮੁਸਾਫ਼ਰ ਸਵਾਰ ਸਨ। ਕਾਕਪਿਟ ਵਿੱਚ ਹੋਈ ਹੱਥੋਪਾਈ ਦੌਰਾਨ ਜਹਾਜ਼ ਦੀ ਉਚਾਈ ਅਚਾਨਕ ਤੇਜ਼ੀ ਨਾਲ ਘਟਣ ਲੱਗੀ। ਫ਼ਲਾਈਟ-ਟਰੈਕਿੰਗ ਅੰਕੜਿਆਂ ਮੁਤਾਬਕ ਜਹਾਜ਼ ਕੁਝ ਹੀ ਮਿੰਟਾਂ ਵਿੱਚ 34,000 ਫੁੱਟ ਤੋਂ ਗੋਤਾ ਖਾਂਦਾ ਹੋਇਆ ਕਰੀਬ 16,600 ਫੁੱਟ ਤੱਕ ਹੇਠਾਂ ਆ ਗਿਆ ਸੀ, ਜਿਸ ਕਾਰਨ ਮੁਸਾਫ਼ਰਾਂ ਵਿੱਚ ਚੀਕ-ਚਿਹਾੜਾ ਪੈ ਗਿਆ।

ਜ਼ਖ਼ਮੀ ਕੈਪਟਨ ਦੀ ਦਲੇਰੀ ਨੇ ਟਾਲਿਆ ਵੱਡਾ ਹਾਦਸਾ

ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਸਮਿਤ ਮੱਛਰ ਨੇ ਅਸਾਧਾਰਨ ਬਹਾਦਰੀ ਦਿਖਾਉਂਦਿਆਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬੀ ਹਾਸਲ ਕੀਤੀ। ਦਰਵਾਜ਼ਾ ਖੁੱਲ੍ਹਦੇ ਹੀ ਕੈਬਿਨ ਕਰੂ ਅਤੇ ਯਾਤਰੀਆਂ ਨੇ ਤੁਰੰਤ ਅੰਦਰ ਦਾਖ਼ਲ ਹੋ ਕੇ ਹਮਲਾਵਰ ਸਹਿ-ਪਾਇਲਟ ਨੂੰ ਕਾਬੂ ਕਰ ਲਿਆ। ਖ਼ੁਸ਼ਕਿਸਮਤੀ ਨਾਲ ਉਡਾਣ ਵਿੱਚ ਸਫ਼ਰ ਕਰ ਰਹੇ ਕੁਝ ਹੋਰ ਪਾਇਲਟਾਂ ਦੀ ਮਦਦ ਨਾਲ ਜਹਾਜ਼ ਦਾ ਕੰਟਰੋਲ ਮੁੜ ਸੰਭਾਲਿਆ ਗਿਆ।

ਇਸ ਮਗਰੋਂ ਉਡਾਣ ਨੂੰ ਸਾਊਦੀ ਅਰਬ ਦੇ ਉੱਤਰ-ਪੱਛਮੀ ਸ਼ਹਿਰ ਤਬੂਕ ਵੱਲ ਮੋੜਿਆ ਗਿਆ, ਜਿੱਥੇ ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸਾਊਦੀ ਸੁਰੱਖਿਆ ਬਲਾਂ ਨੇ ਦੋਸ਼ੀ ਕੋ-ਪਾਇਲਟ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ, ਜਦਕਿ ਜ਼ਖ਼ਮੀ ਕੈਪਟਨ ਮੱਛਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪਹਿਲਾਂ ਚਾਕੂ ਦੀ ਚਰਚਾ, ਹੁਣ ਕੁਹਾੜੀ ਨਾਲ ਹਮਲੇ ਦੀ ਪੁਸ਼ਟੀ

ਮੁਢਲੀਆਂ ਖ਼ਬਰਾਂ ਵਿੱਚ ਹਮਲੇ ਲਈ ਚਾਕੂ ਦੀ ਵਰਤੋਂ ਹੋਣ ਦੀ ਗੱਲ ਕਹੀ ਜਾ ਰਹੀ ਸੀ, ਪਰ ਯੂਏਈ ਦੇ ਪ੍ਰੌਸੀਕਿਊਟਰ ਜਨਰਲ ਦੇ ਤਾਜ਼ਾ ਬਿਆਨ ਨੇ ਸਪੱਸ਼ਟ ਕੀਤਾ ਹੈ ਕਿ ਵਾਰਦਾਤ ਲਈ ਜਹਾਜ਼ ਵਿੱਚ ਐਮਰਜੈਂਸੀ ਸਥਿਤੀਆਂ ਲਈ ਰੱਖੀ ਜਾਣ ਵਾਲੀ ਕਰੈਸ਼-ਐਕਸ (ਕੁਹਾੜੀ) ਦੀ ਵਰਤੋਂ ਕੀਤੀ ਗਈ ਸੀ। ਕਿਉਂਕਿ ਇਸ ਰੂਟ ‘ਤੇ ਜ਼ਿਆਦਾਤਰ ਮੁਸਾਫ਼ਰ ਇਜ਼ਰਾਈਲੀ ਨਾਗਰਿਕ ਸਨ, ਇਸ ਲਈ ਇਜ਼ਰਾਈਲੀ ਜਾਂਚ ਏਜੰਸੀਆਂ ਵੀ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਜਾਂਚ ਵਿੱਚ ਸ਼ਾਮਲ ਹੋ ਗਈਆਂ ਹਨ।

ਫ਼ਲਾਈਦੁਬਈ ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਜਾਂਚ ਟੀਮਾਂ ਹੁਣ ਇਹ ਪਤਾ ਲਗਾਉਣ ਵਿੱਚ ਜੁੱਟੀਆਂ ਹਨ ਕਿ ਕੀ ਮੁਲਜ਼ਮ ਕਿਸੇ ਅੰਤਰਰਾਸ਼ਟਰੀ ਦਹਿਸ਼ਤੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਜਾਂ ਫਿਰ ਉਸ ਨੇ ਇਕੱਲੇ ਹੀ ਇਸ ਖ਼ੂਨੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਵਿਉਂਤ ਬਣਾਈ ਸੀ।

Leave a Comment

Your email address will not be published. Required fields are marked *

Scroll to Top