ਸਨਾ: ਯਮਨ ਅੰਦਰ ਸਰਗਰਮ ਹੂਤੀ ਵਿਦਰੋਹੀਆਂ ਨੇ ਪਾਕਿਸਤਾਨ ਅਤੇ ਤੁਰਕੀਏ ਨੂੰ ਚਿਤਾਵਨੀ ਦਿੰਦਿਆਂ ਸਾਫ਼ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਸਾਊਦੀ ਅਰਬ ਦੀ ਮਦਦ ਲਈ ਆਪਣੀਆਂ ਫ਼ੌਜਾਂ ਮੈਦਾਨ ਵਿੱਚ ਉਤਾਰੀਆਂ, ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹੂਤੀ ਲੀਡਰਸ਼ਿਪ ਨੇ ਚਿਤਾਇਆ ਹੈ ਕਿ ਕਿਸੇ ਵੀ ਬਾਹਰੀ ਫ਼ੌਜੀ ਦਖ਼ਲ ਦਾ ਮੋੜਵਾਂ ਜਵਾਬ ਬੇਹੱਦ ਸਖ਼ਤੀ ਨਾਲ ਦਿੱਤਾ ਜਾਵੇਗਾ।
ਹੂਤੀ ਲਹਿਰ ਦੇ ਸੀਨੀਅਰ ਸਿਆਸੀ ਆਗੂ ਮੁਹੰਮਦ ਅਲ-ਬੁਖ਼ੈਤੀ ਨੇ ਕਿਹਾ ਕਿ ਜੇਕਰ ਇਸਲਾਮਾਬਾਦ ਜਾਂ ਅੰਕਾਰਾ ਨੇ ਯਮਨ ਖ਼ਿਲਾਫ਼ ਚੱਲ ਰਹੀਆਂ ਮੁਹਿੰਮਾਂ ਵਿੱਚ ਸਿੱਧੇ ਤੌਰ ‘ਤੇ ਹਿੱਸਾ ਲਿਆ, ਤਾਂ ਉਨ੍ਹਾਂ ਨੂੰ ਸਾਊਦੀ ਹਮਲਿਆਂ ਦਾ ਹਿੱਸੇਦਾਰ ਮੰਨਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਵੀ ਹਥਿਆਰਬੰਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਕਦਮ ਨੂੰ ਸਿੱਧਾ ਟਕਰਾਅ ਸਹੇੜਨ ਦੇ ਬਰਾਬਰ ਦੱਸਿਆ।
ਤਿੰਨ-ਪੱਖੀ ਰੱਖਿਆ ਸਮਝੌਤੇ ਕਾਰਨ ਵਧਿਆ ਦਬਾਅ
ਹੂਤੀਆਂ ਵੱਲੋਂ ਇਹ ਧਮਕੀ ਅਜਿਹੇ ਨਾਜ਼ੁਕ ਮੋੜ ‘ਤੇ ਆਈ ਹੈ ਜਦੋਂ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀਏ ਵਿਚਾਲੇ ਹਾਲ ਹੀ ਵਿੱਚ ਅਗਸਤ ਮਹੀਨੇ ‘ਮੱਕਾ ਸਾਂਝਾ ਰੱਖਿਆ ਸਮਝੌਤਾ’ ਸਿਰੇ ਚੜ੍ਹਿਆ ਹੈ। ਇਸ ਸਮਝੌਤੇ ਦੀ ਧਾਰਾ ਅਨੁਸਾਰ ਤਿੰਨਾਂ ਵਿੱਚੋਂ ਕਿਸੇ ਵੀ ਇੱਕ ਮੁਲਕ ‘ਤੇ ਹਮਲੇ ਨੂੰ ਤਿੰਨਾਂ ‘ਤੇ ਹਮਲਾ ਮੰਨਣ ਦੀ ਵਿਵਸਥਾ ਹੈ।
ਤੁਰਕੀਏ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਦਾ ਦੇਸ਼ ਸਮਝੌਤੇ ਤਹਿਤ ਰਿਆਧ ਦੀ ਹਰ ਸੰਭਵ ਫ਼ੌਜੀ ਅਤੇ ਤਕਨੀਕੀ ਮਦਦ ਕਰਨ ਲਈ ਤਿਆਰ ਹੈ। ਦੂਜੇ ਪਾਸੇ, ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਵੀ ਸਪੱਸ਼ਟ ਕੀਤਾ ਸੀ ਕਿ ਜੇਕਰ ਸਾਊਦੀ ਸਰਜ਼ਮੀਨ ‘ਤੇ ਖ਼ਤਰਾ ਵਧਦਾ ਹੈ ਤਾਂ ਸਮਝੌਤੇ ਤਹਿਤ ਪਾਕਿਸਤਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਪਿੱਛੇ ਨਹੀਂ ਹਟੇਗਾ। ਹਾਲਾਂਕਿ ਇਸਲਾਮਾਬਾਦ ਇਸ ਮਾਮਲੇ ‘ਚ ਕੂਟਨੀਤਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।
ਸਾਊਦੀ ਖੇਤਰ ‘ਤੇ ਹਮਲਿਆਂ ਮਗਰੋਂ ਗਰਮਾਇਆ ਮਾਹੌਲ
ਇਹ ਤਾਜ਼ਾ ਤਣਾਅ ਸਾਊਦੀ ਅਰਬ ‘ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਨਵੀਂ ਲਹਿਰ ਤੋਂ ਬਾਅਦ ਹੋਰ ਤਿੱਖਾ ਹੋ ਗਿਆ ਹੈ। ਸਾਊਦੀ ਫ਼ੌਜ ਨੇ 19 ਸਤੰਬਰ ਨੂੰ ਰਿਆਧ ਵੱਲ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ, ਜਦਕਿ ਹੂਤੀਆਂ ਨੇ ਸੰਵੇਦਨਸ਼ੀਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ। ਵੱਧਦੇ ਖ਼ਤਰਿਆਂ ਦੇ ਮੱਦੇਨਜ਼ਰ ਸਾਊਦੀ ਅਰਬ ਵੱਲੋਂ ਆਪਣੀ ਹਵਾਈ ਸੁਰੱਖਿਆ ਮਜ਼ਬੂਤ ਕਰਨ ਲਈ ਸਹਿਯੋਗੀ ਦੇਸ਼ਾਂ ਤੋਂ ਫ਼ੌਜੀ ਮਦਦ ਮੰਗੀ ਜਾ ਰਹੀ ਹੈ।
ਫ਼ਿਲਹਾਲ ਪਾਕਿਸਤਾਨ ਜਾਂ ਤੁਰਕੀਏ ਦੇ ਜਵਾਨਾਂ ਦੇ ਯਮਨ ਟਕਰਾਅ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਹੂਤੀਆਂ ਦੇ ਇਸ ਸਖ਼ਤ ਰੁਖ਼ ਨੇ ਦੋਵਾਂ ਦੇਸ਼ਾਂ ਨੂੰ ਦੁਵਿਧਾ ਵਿੱਚ ਪਾ ਦਿੱਤਾ ਹੈ, ਕਿਉਂਕਿ ਉਨ੍ਹਾਂ ਲਈ ਸਾਊਦੀ ਅਰਬ ਨਾਲ ਰੱਖਿਆ ਵਚਨਬੱਧਤਾ ਨਿਭਾਉਣ ਦੇ ਨਾਲ-ਨਾਲ ਖ਼ਿੱਤੇ ਵਿੱਚ ਵੱਡੇ ਜੰਗੀ ਖ਼ਤਰੇ ਤੋਂ ਬਚਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ।



