Notorious gangsters Himanshu Bhau and Neeraj Faridpuria arrested in Las Vegas, USA: ਕਈ ਕਤਲਾਂ, ਫ਼ਿਰੌਤੀਆਂ ਅਤੇ ਸੰਗਠਿਤ ਜੁਰਮਾਂ ਦੇ ਮਾਮਲਿਆਂ ਵਿੱਚ ਭਾਰਤ ’ਚ ਲੋੜੀਂਦੇ ਦੋ ਖ਼ਤਰਨਾਕ ਗੈਂਗਸਟਰਾਂ—ਹਿਮਾਂਸ਼ੂ ਭਾਊ ਅਤੇ ਨੀਰਜ ਫ਼ਰੀਦਪੁਰੀਆ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਹਰਿਆਣਾ ਸਪੈਸ਼ਲ ਟਾਸਕ ਫੋਰਸ (STF) ਵੱਲੋਂ ਸਾਂਝੀ ਕੀਤੀ ਗਈ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਨੇ ਲਾਸ ਵੇਗਾਸ ਸ਼ਹਿਰ ਵਿੱਚ 22 ਅਕਤੂਬਰ ਨੂੰ ਛਾਪਾ ਮਾਰ ਕੇ ਦੋਵਾਂ ਨੂੰ ਕਾਬੂ ਕੀਤਾ।
ਹਰਿਆਣਾ ਐੱਸਟੀਐੱਫ ਹੁਣ ਕੇਂਦਰੀ ਜਾਂਚ ਏਜੰਸੀਆਂ ਅਤੇ ਅਮਰੀਕੀ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਹੀ ਹੈ ਤਾਂ ਜੋ ਦੋਵਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਭਾਰਤ ਡਿਪੋਰਟ ਜਾਂ ਹਵਾਲਗੀ ਰਾਹੀਂ ਲਿਆਂਦਾ ਜਾ ਸਕੇ।
ਫ਼ਰਜ਼ੀ ਪਾਸਪੋਰਟ ਦੇ ਸਹਾਰੇ ਅਮਰੀਕਾ ਪਹੁੰਚਿਆ ਸੀ ਹਿਮਾਂਸ਼ੂ ਭਾਊ
ਹਿਮਾਂਸ਼ੂ ਭਾਊ, ਜਿਸ ਦਾ ਅਸਲ ਨਾਂ ਹਿਮਾਂਸ਼ੂ ਰਿਤੋਲੀਆ ਹੈ, ਕਥਿਤ ਤੌਰ ’ਤੇ ‘ਹਿਮਾਂਸ਼ੂ ਸਿਗਰੋਹਾ’ ਦੇ ਨਾਂ ‘ਤੇ ਬਣੇ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਫ਼ਰਾਰ ਹੋਇਆ ਸੀ। ਉਹ ਹਰਿਆਣਾ ਅਤੇ ਦਿੱਲੀ ਪੁਲਿਸ ਦੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਹੈ ਅਤੇ ਉਸ ਵਿਰੁੱਧ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ।
ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕੱਟੜ ਵਿਰੋਧੀ ਮੰਨਿਆ ਜਾਣ ਵਾਲਾ ਭਾਊ, ਵਿਦੇਸ਼ ਬੈਠ ਕੇ ਨੀਰਜ ਬਵਾਨਾ ਅਤੇ ਨਵੀਨ ਬਾਲੀ ਗਿਰੋਹਾਂ ਨਾਲ ਮਿਲ ਕੇ ਆਪਣਾ ਨੈੱਟਵਰਕ ਚਲਾ ਰਿਹਾ ਸੀ। ਪੁਰਤਗਾਲ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਵੀ ਉਸ ਦੇ ਤਾਰ ਜੁੜੇ ਹੋਣ ਦਾ ਖ਼ਦਸ਼ਾ ਜਤਾਇਆ ਜਾਂਦਾ ਰਿਹਾ ਹੈ।
ਨੀਰਜ ਫ਼ਰੀਦਪੁਰੀਆ ’ਤੇ ਦਰਜ ਹਨ 25 ਤੋਂ ਵੱਧ ਕੇਸ
ਹਰਿਆਣਾ ਦੇ ਪਲਵਲ ਜ਼ਿਲ੍ਹੇ ਦਾ ਜੰਮਪਲ ਨੀਰਜ ਫ਼ਰੀਦਪੁਰੀਆ ਵੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਮਰੀਕਾ ਵਿੱਚ ਲੁਕਿਆ ਹੋਇਆ ਸੀ। ਉਸ ਖ਼ਿਲਾਫ਼ ਕਤਲ, ਲੁੱਟ-ਖੋਹ ਅਤੇ ਜਾਨਲੇਵਾ ਹਮਲਿਆਂ ਦੇ 25 ਤੋਂ ਵੱਧ ਮਾਮਲੇ ਦਰਜ ਹਨ। ਸਾਲ 2012 ਵਿੱਚ ਹਰਿਆਣਾ ਪੁਲਿਸ ਨਾਲ ਮੁਕਾਬਲੇ ਮਗਰੋਂ ਉਹ ਸੁਰਖ਼ੀਆਂ ਵਿੱਚ ਆਇਆ ਸੀ। ਸਾਲ 2015 ਵਿੱਚ ਉਸ ਨੂੰ ਕਤਲ ਦੇ ਕੇਸ ’ਚ ਉਮਰ ਕੈਦ ਹੋਈ ਸੀ, ਪਰ 2019 ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਉਹ ਮੁੜ ਸਰਗਰਮ ਹੋ ਗਿਆ।
ਜੂਨ 2019 ਵਿੱਚ ਫ਼ਰੀਦਾਬਾਦ ਵਿਖੇ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਵਿੱਚ ਵੀ ਫ਼ਰੀਦਪੁਰੀਆ ਦਾ ਨਾਂ ਬੋਲਦਾ ਸੀ। ਵਾਰਦਾਤ ਤੋਂ ਬਾਅਦ ਉਹ ਦੁਬਈ ਰਸਤੇ ਕੈਨੇਡਾ ਭੱਜ ਗਿਆ ਅਤੇ ਉੱਥੇ ਬੰਬੀਹਾ ਗੈਂਗ ਨਾਲ ਹੱਥ ਮਿਲਾ ਲਿਆ। ਬਾਅਦ ਵਿੱਚ ਉਹ ਅਮਰੀਕਾ ਚਲਾ ਗਿਆ, ਜਿੱਥੇ ਉਹ ਹਿਮਾਂਸ਼ੂ ਭਾਊ ਨਾਲ ਰਲ ਕੇ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਸੀ। ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਬਾਹਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਫ਼ਰੀਦਪੁਰੀਆ ਵੱਲੋਂ ਲੈਣ ਦੀ ਗੱਲ ਸਾਹਮਣੇ ਆਈ ਸੀ।
ਦਿੱਲੀ-ਐੱਨਸੀਆਰ ਦੇ ਕਤਲ ਕਾਂਡਾਂ ਦੀਆਂ ਪਰਤਾਂ ਖੁੱਲ੍ਹਣ ਦੀ ਉਮੀਦ
ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਨਾਲ ਦਿੱਲੀ-ਐੱਨਸੀਆਰ ਖੇਤਰ ਵਿੱਚ ਹਾਲ ਹੀ ਦੌਰਾਨ ਹੋਏ ਕਈ ਹਾਈ-ਪ੍ਰੋਫਾਈਲ ਕਤਲ ਕਾਂਡਾਂ ਦੀ ਜਾਂਚ ਨੂੰ ਵੱਡਾ ਮੋੜ ਮਿਲ ਸਕਦਾ ਹੈ।
ਇਸ ਵਿੱਚ ਦੱਖਣੀ ਦਿੱਲੀ ਦੇ ਆਇਆ ਨਗਰ ਇਲਾਕੇ ਵਿੱਚ ਜਿੰਮ ਟਰੇਨਰ ਵਿਜੈ ਕੁਮਾਰ ਦਾ ਸਤੰਬਰ ਮਹੀਨੇ ਹੋਇਆ ਕਤਲ ਪ੍ਰਮੁੱਖ ਹੈ। ਵਿਜੈ ਨੂੰ ਜਿੰਮ ਵਿੱਚੋਂ ਬਾਹਰ ਬੁਲਾ ਕੇ ਹੰਸਾ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਨੇ ਲਗਭਗ 15 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਾਰਦਾਤ ਮਗਰੋਂ ਭਾਊ ਦੇ ਨਾਂ ‘ਤੇ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ।
ਇਸ ਤੋਂ ਇਲਾਵਾ, ਆਇਆ ਨਗਰ ਵਿੱਚ ਹੀ ਇਸੇ ਸਾਲ 55 ਸਾਲਾ ਡੇਅਰੀ ਕਾਰੋਬਾਰੀ ਰਤਨ ਲੋਹੀਆ ਦੇ ਹੋਏ ਅੰਨ੍ਹੇਵਾਹ ਕਤਲ ਵਿੱਚ ਵੀ ਇਨ੍ਹਾਂ ਦੋਵਾਂ ਦਾ ਨਾਂ ਚਰਚਾ ਵਿੱਚ ਰਿਹਾ ਹੈ। ਹਮਲਾਵਰਾਂ ਨੇ ਇਲਾਕੇ ਦੀ ਘੰਟਿਆਂ ਬੱਧੀ ਰੇਕੀ ਕਰਨ ਤੋਂ ਬਾਅਦ ਲੋਹੀਆ ’ਤੇ 60 ਤੋਂ ਵੱਧ ਰਾਊਂਡ ਫਾਇਰ ਕੀਤੇ ਸਨ। ਪਰਿਵਾਰ ਦਾ ਦੋਸ਼ ਸੀ ਕਿ ਇਹ ਹੱਤਿਆ ਛਤਰਪੁਰ ਮੈਟਰੋ ਸਟੇਸ਼ਨ ਨੇੜੇ ਮਾਰੇ ਗਏ ਅਰੁਣ ਲੋਹੀਆ ਦੇ ਕਤਲ ਦੇ ਬਦਲੇ ਵਜੋਂ ਕੀਤੀ ਗਈ ਸੀ। ਪੁਲਿਸ ਨੇ ਉਸ ਮਾਮਲੇ ਵਿੱਚ ਭਾਊ ਗੈਂਗ ਦੇ ਚਾਰ ਸ਼ੂਟਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਹੁਣ ਜਦੋਂ ਭਾਊ ਅਤੇ ਫ਼ਰੀਦਪੁਰੀਆ ਦੋਵੇਂ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹਨ, ਭਾਰਤੀ ਸੁਰੱਖਿਆ ਏਜੰਸੀਆਂ ਉਨ੍ਹਾਂ ਨੂੰ ਕਾਨੂੰਨੀ ਦਾਅ-ਪੇਚਾਂ ਰਾਹੀਂ ਵਾਪਸ ਲਿਆਉਣ ਲਈ ਕਾਗ਼ਜ਼ੀ ਕਾਰਵਾਈ ਤੇਜ਼ ਕਰ ਰਹੀਆਂ ਹਨ। ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਦਿੱਲੀ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਸਰਗਰਮ ਸ਼ੂਟਰਾਂ ਦੇ ਨੈੱਟਵਰਕ ਅਤੇ ਵਿਦੇਸ਼ੀ ਫੰਡਿੰਗ ਚੈਨਲਾਂ ਦੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।



