ਸੈਕਰਾਮੈਂਟੋ: ਕੈਲੀਫੋਰਨੀਆ ਵਿੱਚ ਕਈ ਮਹੀਨਿਆਂ ਤੋਂ ਲਗਾਤਾਰ ਪਿੱਛਾ ਕਰਨ (ਸਟਾਕਿੰਗ) ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਕਥਿਤ ਸਿਲਸਿਲੇ ਦਾ ਬੇਹੱਦ ਦਰਦਨਾਕ ਅੰਤ ਹੋਇਆ, ਜਿੱਥੇ ਸੈਕਰਾਮੈਂਟੋ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ 38 ਸਾਲਾ ਭਾਰਤੀ ਮੂਲ ਦੀ ਮਹਿਲਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਮਗਰੋਂ ਕਤਲ ਦੇ ਸ਼ੱਕੀ ਮੁਲਜ਼ਮ ਦੀ ਵੀ ਪੁਲਿਸ ਨਾਲ ਹੋਈ ਖਿੱਚੋਤਾਣ ਤੋਂ ਬਾਅਦ ਮੌਤ ਹੋ ਗਈ।
ਮ੍ਰਿਤਕਾ ਸ਼ਾਲਿਨੀ ਠਾਕੁਰ ਦਾ 8 ਸਤੰਬਰ ਨੂੰ ਆਰਡਨ ਆਰਕੇਡ ਸ਼ਾਪਿੰਗ ਸੈਂਟਰ ਵਿਖੇ ਕਤਲ ਕਰ ਦਿੱਤਾ ਗਿਆ ਸੀ। ਕਥਿਤ ਹਮਲਾਵਰ, ਜਿਸ ਦੀ ਪਛਾਣ 22 ਸਾਲਾ ਰੋਹਿਤ ਵਜੋਂ ਹੋਈ ਹੈ, ਵਾਰਦਾਤ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸ ਦਾ ਕੈਲੀਫੋਰਨੀਆ ਦੇ ਇੱਕ ਹਾਈਵੇਅ ਤੱਕ ਪਿੱਛਾ ਕੀਤਾ।
ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (DHS) ਅਨੁਸਾਰ ਰੋਹਿਤ ਇੱਕ ਭਾਰਤੀ ਨਾਗਰਿਕ ਸੀ, ਜੋ 2023 ਵਿੱਚ ਐਰੀਜ਼ੋਨਾ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ।
ਪੁਲਿਸ ਪਿੱਛਾ ਕਰਨ ਮਗਰੋਂ ਹਾਈਵੇਅ ’ਤੇ ਠੱਪ ਹੋਈ ਆਵਾਜਾਈ
ਗੋਲੀਬਾਰੀ ਤੋਂ ਬਾਅਦ ਚਸ਼ਮਦੀਦਾਂ ਦੀ ਮਦਦ ਨਾਲ ਜਾਂਚ ਅਧਿਕਾਰੀਆਂ ਨੇ ਸ਼ੱਕੀ ਵੱਲੋਂ ਵਰਤੀ ਗਈ ਕਾਰ ਦੀ ਪਛਾਣ ਕਰ ਲਈ।
ਅਧਿਕਾਰੀਆਂ ਨੇ ਬਾਅਦ ਵਿੱਚ ਵਾਟ ਐਵੇਨਿਊ ਨੇੜੇ ਈਸਟਬਾਊਂਡ ਹਾਈਵੇਅ 50 ’ਤੇ ਇਸ ਗੱਡੀ ਦਾ ਪਤਾ ਲਗਾਇਆ। ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਥਿਤੀ ਫ੍ਰੀਵੇਅ ’ਤੇ ਇੱਕ ਲੰਮੀ ਖਿੱਚੋਤਾਣ (ਸਟੈਂਡਆਫ਼) ਵਿੱਚ ਬਦਲ ਗਈ, ਜਿਸ ਕਾਰਨ ਕਈ ਘੰਟੇ ਆਵਾਜਾਈ ਠੱਪ ਰਹੀ।
ਆਖ਼ਰਕਾਰ ਰੋਹਿਤ ਕਾਰ ਦੇ ਅੰਦਰੋਂ ਮਿਲਿਆ, ਜਿਸ ਦੇ ਸਰੀਰ ’ਤੇ ਖ਼ੁਦ ਨੂੰ ਗੋਲੀ ਮਾਰਨ ਵਰਗੇ ਜ਼ਖ਼ਮ ਸਨ। ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਨਵਰੀ ਵਿੱਚ ਹੀ ਮਿਲਣ ਲੱਗੇ ਸਨ ਖ਼ਤਰੇ ਦੇ ਸੰਕੇਤ
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਤੋਂ ਕਈ ਮਹੀਨੇ ਪਹਿਲਾਂ ਹੀ ਠਾਕੁਰ ਅਤੇ ਰੋਹਿਤ ਵਿਚਾਲੇ ਸਬੰਧ ਕਾਫ਼ੀ ਚਿੰਤਾਜਨਕ ਹੱਦ ਤੱਕ ਵਿਗੜ ਚੁੱਕੇ ਸਨ।
ਸੈਕਰਾਮੈਂਟੋ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਜਨਵਰੀ ਵਿੱਚ ਠਾਕੁਰ ਨੂੰ ਆਪਣੀ ਗੱਡੀ ਦੇ ਬੋਨਟ ਹੇਠੋਂ ਇੱਕ ਐਪਲ ਏਅਰਟੈਗ (Apple AirTag) ਮਿਲਿਆ ਸੀ। ਅਧਿਕਾਰੀਆਂ ਨੇ ਇਹ ਦੋਸ਼ ਵੀ ਲਾਇਆ ਕਿ ਰੋਹਿਤ ਉਸ ਦੀ ਕਾਰ ਨਾਲ ਛੇੜਛਾੜ ਕਰਦਾ ਸੀ, ਉਸ ਦੇ ਕੰਮ ਵਾਲੀ ਥਾਂ ਤੱਕ ਪਿੱਛਾ ਕਰਦਾ ਸੀ ਅਤੇ ਵਾਰ-ਵਾਰ ਉਸ ਦੇ ਆਸ-ਪਾਸ ਰਹਿਣ ਦੀ ਕੋਸ਼ਿਸ਼ ਕਰਦਾ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਕਥਿਤ ਤੌਰ ’ਤੇ ਠਾਕੁਰ ਦੇ ਅਪਾਰਟਮੈਂਟ ਦੀ ਚਾਬੀ ਹਾਸਲ ਕਰ ਲਈ ਸੀ ਅਤੇ ਜਦੋਂ ਉਹ ਸੁੱਤੀ ਪਈ ਸੀ ਤਾਂ ਉਹ ਉਸ ਦੇ ਘਰ ਵਿੱਚ ਦਾਖ਼ਲ ਹੋ ਗਿਆ ਸੀ।
ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਸਾਰਜੈਂਟ ਅਮਰ ਗਾਂਧੀ ਨੇ ਕਿਹਾ ਕਿ ਰੋਹਿਤ ਸ਼ਾਲਿਨੀ ਨੂੰ ਲੈ ਕੇ ਮਾਨਸਿਕ ਤੌਰ ’ਤੇ ਪਾਗਲਪਨ ਦੀ ਹੱਦ ਤੱਕ ਹਾਵੀ (fixated) ਹੋ ਚੁੱਕਾ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਕਰੀਬ ਦੋ ਸਾਲਾਂ ਤੋਂ ਵਾਕਫ਼ ਸਨ, ਹਾਲਾਂਕਿ ਉਹ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ ਸਨ।
ਠਾਕੁਰ ਨੇ ਮੰਗੀ ਸੀ ਕਾਨੂੰਨੀ ਸੁਰੱਖਿਆ
ਠਾਕੁਰ ਨੇ ਮਾਰਚ ਵਿੱਚ ਇਸ ਕਥਿਤ ਵਤੀਰੇ ਬਾਰੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਸੀ, ਪਰ ਸ਼ੈਰਿਫ਼ ਦਫ਼ਤਰ ਮੁਤਾਬਕ ਉਸ ਨੇ ਸ਼ੁਰੂ ਵਿੱਚ ਕੋਈ ਅਪਰਾਧਿਕ ਕੇਸ ਦਰਜ ਕਰਵਾਉਣ ਜਾਂ ਰਿਸਟ੍ਰੇਨਿੰਗ ਆਰਡਰ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ।
ਬਾਅਦ ਵਿੱਚ ਅਧਿਕਾਰੀਆਂ ਨੇ ਮਈ ਵਿੱਚ ਉਸ ਨੂੰ ਕਾਨੂੰਨੀ ਸੁਰੱਖਿਆ ਲੈਣ ਲਈ ਪ੍ਰੇਰਿਆ, ਜਿਸ ਮਗਰੋਂ ਉਸ ਨੇ ਰਿਸਟ੍ਰੇਨਿੰਗ ਆਰਡਰ ਦਾਇਰ ਕਰ ਦਿੱਤਾ।
ਅਦਾਲਤੀ ਅਰਜ਼ੀ ਵਿੱਚ ਠਾਕੁਰ ਨੇ ਰੋਹਿਤ ਨੂੰ ਡੋਰਡੈਸ਼ ਡਿਲੀਵਰੀ ਡਰਾਈਵਰ ਵਜੋਂ ਦਰਸਾਇਆ ਸੀ ਅਤੇ ਦੋਸ਼ ਲਾਇਆ ਸੀ ਕਿ ਉਹ ਘੰਟਿਆਂ ਬੱਧੀ ਉਸ ਦੇ ਘਰ ਦੇ ਬਾਹਰ ਗੱਡੀ ਖੜ੍ਹੀ ਰੱਖਦਾ ਸੀ ਤੇ ਨਿਯਮਿਤ ਤੌਰ ’ਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ।
ਰਿਸਟ੍ਰੇਨਿੰਗ ਆਰਡਰ ਦੇ ਬਾਵਜੂਦ, ਇਹ ਕਥਿਤ ਪਰੇਸ਼ਾਨੀ ਆਖ਼ਰਕਾਰ ਜਾਨਲੇਵਾ ਸਾਬਤ ਹੋਈ।
ਮਾਂ ਨਾਲ ਆਖ਼ਰੀ ਗੱਲਬਾਤ
ਮ੍ਰਿਤਕਾ ਦੇ ਪਰਿਵਾਰ ਨੇ ਉਸ ਦੀ ਮੌਤ ਤੋਂ ਪਹਿਲਾਂ ਦੇ ਘੰਟਿਆਂ ਬਾਰੇ ਵੀ ਗੱਲ ਕੀਤੀ ਹੈ।
ਉਸ ਦੀ ਮਾਂ ਸੁਦੇਸ਼ ਕੁਮਾਰੀ ਨੇ ਕੇਸੀਆਰਏ 3 (KCRA 3) ਨੂੰ ਦੱਸਿਆ ਕਿ ਉਸ ਨੇ ਗੋਲੀਬਾਰੀ ਵਾਲੇ ਦਿਨ ਦੁਪਹਿਰ ਕਰੀਬ 2 ਵਜੇ ਠਾਕੁਰ ਨਾਲ ਫ਼ੋਨ ’ਤੇ ਗੱਲ ਕੀਤੀ ਸੀ।
ਠਾਕੁਰ ਨੇ ਕਿਹਾ ਸੀ ਕਿ ਉਹ 15 ਮਿੰਟਾਂ ਬਾਅਦ ਦੁਬਾਰਾ ਫ਼ੋਨ ਕਰੇਗੀ, ਪਰ ਉਹ ਕਾਲ ਕਦੇ ਨਹੀਂ ਆਈ। ਲਗਭਗ ਇੱਕ ਘੰਟੇ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਗਿਆ।
ਡੀਐੱਚਐੱਸ ਵੱਲੋਂ ਇਮੀਗ੍ਰੇਸ਼ਨ ਸਥਿਤੀ ’ਤੇ ਸਵਾਲ
ਹੋਮਲੈਂਡ ਸਕਿਓਰਿਟੀ ਵਿਭਾਗ ਨੇ ਰੋਹਿਤ ਨੂੰ ਭਾਰਤ ਤੋਂ ਆਇਆ ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਦੱਸਿਆ ਅਤੇ ਕਿਹਾ ਕਿ ਉਹ 2023 ਵਿੱਚ ਐਰੀਜ਼ੋਨਾ ਰਾਹੀਂ ਮੁਲਕ ਵਿੱਚ ਦਾਖ਼ਲ ਹੋਇਆ ਸੀ।
ਡੀਐੱਚਐੱਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਸ ਨੂੰ ਅਮਰੀਕੀ ਬਾਰਡਰ ਪੈਟਰੋਲ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿੱਚ ਬਾਇਡਨ ਪ੍ਰਸ਼ਾਸਨ ਵੱਲੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਦੀ ਸਹੀ ਇਮੀਗ੍ਰੇਸ਼ਨ ਸਥਿਤੀ ਅਤੇ ਉਸ ਦੀ ਰਿਹਾਈ ਨਾਲ ਜੁੜੇ ਵੇਰਵੇ ਤੁਰੰਤ ਸਪੱਸ਼ਟ ਨਹੀਂ ਹੋ ਸਕੇ ਹਨ।
ਇਮੀਗ੍ਰੇਸ਼ਨ ਦੇ ਇਹ ਵੇਰਵੇ ਕਤਲ ਦੀ ਵਿਆਪਕ ਜਾਂਚ ਤੋਂ ਵੱਖਰਾ ਪਹਿਲੂ ਹਨ।
ਇਸ ਦੌਰਾਨ, ਡੋਰਡੈਸ਼ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਵਿੱਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।
ਇਸ ਮਾਮਲੇ ਨੇ ਲਗਾਤਾਰ ਪਿੱਛਾ ਕੀਤੇ ਜਾਣ ਦੇ ਖ਼ਤਰਨਾਕ ਸਿੱਟਿਆਂ ਨੂੰ ਉਜਾਗਰ ਕੀਤਾ ਹੈ, ਜਦਕਿ ਪੁਲਿਸ ਠਾਕੁਰ ਦੀ ਮੌਤ ਅਤੇ ਗੋਲੀਬਾਰੀ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ ਦੀ ਲਗਾਤਾਰ ਪੜਤਾਲ ਕਰ ਰਹੀ ਹੈ।



