Canada Work Permit Rules: ਕੈਨੇਡਾ ’ਚ ਵਰਕ ਪਰਮਿਟ ਧਾਰਕਾਂ ਲਈ ਪੜ੍ਹਾਈ ਦੇ ਨਿਯਮ ਨਰਮ, ਬਿਨਾਂ ਸਟੱਡੀ ਵੀਜ਼ਾ ਕਰ ਸਕਣਗੇ ਸ਼ਾਰਟ-ਟਰਮ ਕੋਰਸ, ਭਾਰਤੀਆਂ ਤੇ ਪੰਜਾਬੀਆਂ ਨੂੰ ਵੱਡੀ ਰਾਹਤ

Canada Work Permit Rules For Indians and Punjabis Latest News Today: ਕੈਨੇਡਾ ਵਿੱਚ ਰੋਜ਼ੀ-ਰੋਟੀ ਕਮਾ ਰਹੇ ਹਜ਼ਾਰਾਂ ਪ੍ਰਵਾਸੀ ਕਾਮਿਆਂ ਲਈ ਫ਼ੈਡਰਲ ਸਰਕਾਰ ਨੇ ਇੱਕ ਵੱਡਾ ਰਾਹਤ ਭਰਿਆ ਕਦਮ ਚੁੱਕਿਆ ਹੈ। ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਇੱਕ ਆਰਜ਼ੀ ਛੋਟ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਮੁਲਕ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਵਿਦੇਸ਼ੀ ਵਰਕਰ ਹੁਣ ਵੱਖਰੇ ਤੌਰ ’ਤੇ ਸਟੱਡੀ ਪਰਮਿਟ ਲਏ ਬਿਨਾਂ ਛੋਟੀ ਮਿਆਦ ਦੇ ਵਿੱਦਿਅਕ ਅਤੇ ਕਿੱਤਾਮੁਖੀ ਕੋਰਸ ਕਰ ਸਕਣਗੇ। ਇਹ ਫ਼ੈਸਲਾ ਕੈਨੇਡਾ ਦੇ ਕਿਰਤ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਭਾਰਤੀ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਆਪਣੀ ਕਾਰਜ-ਕੁਸ਼ਲਤਾ ਵਧਾਉਣ ਦਾ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ।

ਰੁਜ਼ਗਾਰ ਦੇ ਨਾਲ-ਨਾਲ ਹਾਸਲ ਕਰ ਸਕਣਗੇ ਪੇਸ਼ੇਵਰ ਸਰਟੀਫਿਕੇਟ

ਨਵੇਂ ਨਿਯਮਾਂ ਮੁਤਾਬਕ, ਵੈਧ ਵਰਕ ਪਰਮਿਟ ਰੱਖਣ ਵਾਲੇ ਕਾਮੇ ਛੇ ਮਹੀਨੇ ਜਾਂ ਇਸ ਤੋਂ ਘੱਟ ਮਿਆਦ ਵਾਲੇ ਕੋਰਸਾਂ ਵਿੱਚ ਬਿਨਾਂ ਕਿਸੇ ਕਾਨੂੰਨੀ ਅੜਿੱਕੇ ਦਾਖ਼ਲਾ ਲੈ ਸਕਦੇ ਹਨ। ਇਹ ਰਾਹਤ ਸੰਬੰਧਿਤ ਕੋਰਸ ਦੇ ਪੂਰਾ ਹੋਣ ਜਾਂ ਮੌਜੂਦਾ ਵਰਕ ਪਰਮਿਟ ਦੀ ਮਿਆਦ ਮੁੱਕਣ (ਜੋ ਵੀ ਪਹਿਲਾਂ ਆਵੇ) ਤੱਕ ਲਾਗੂ ਰਹੇਗੀ।

ਇਸ ਕਦਮ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਕਾਮਿਆਂ ਨੂੰ ਆਪਣੀ ਨੌਕਰੀ ਛੱਡੇ ਬਿਨਾਂ ਜਾਂ ਤਨਖ਼ਾਹ ਦਾ ਨੁਕਸਾਨ ਕਰਵਾਏ ਬਿਨਾਂ ਨਵੇਂ ਹੁਨਰ ਸਿੱਖਣ ਅਤੇ ਸਥਾਨਕ ਲਾਇਸੈਂਸ ਹਾਸਲ ਕਰਨ ਦੀ ਖੁੱਲ੍ਹ ਮਿਲੇਗੀ।

ਨਰਸਾਂ, ਲੈਬ ਟੈਕਨੀਸ਼ੀਅਨਾਂ ਅਤੇ ਟਰੇਡ ਵਰਕਰਾਂ ਨੂੰ ਸਭ ਤੋਂ ਵੱਧ ਲਾਹਾ

ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਿਹਤ ਸੰਭਾਲ (ਹੈਲਥਕੇਅਰ), ਉਸਾਰੀ ਖੇਤਰ (ਕੰਸਟ੍ਰਕਸ਼ਨ) ਅਤੇ ਹੋਰ ਤਕਨੀਕੀ ਟਰੇਡਾਂ ਵਿੱਚ ਹੁਨਰਮੰਦ ਕਾਮਿਆਂ ਦੀ ਭਾਰੀ ਥੋੜ੍ਹ ਚੱਲ ਰਹੀ ਹੈ।

  • ਨਰਸਿੰਗ ਅਤੇ ਲੈਬਾਰਟਰੀ ਖੇਤਰ ਨਾਲ ਜੁੜੇ ਕਾਮੇ ਲੋੜੀਂਦੇ ਸਰਟੀਫਿਕੇਸ਼ਨ ਹਾਸਲ ਕਰ ਸਕਣਗੇ।

  • ਪਲੰਬਰ, ਇਲੈਕਟ੍ਰੀਸ਼ੀਅਨ ਅਤੇ ਤਰਖਾਣ ਵਰਗੇ ਹੁਨਰਮੰਦ ਕਾਰੀਗਰ ਕੈਨੇਡੀਅਨ ਮਾਪਦੰਡਾਂ ਅਨੁਸਾਰ ਟਰੇਡ ਲਾਇਸੈਂਸ ਪ੍ਰਾਪਤ ਕਰ ਸਕਣਗੇ।

  • ਅਗਾਊਂ ਸਟੱਡੀ ਪਰਮਿਟ ਲਈ ਦਫ਼ਤਰਾਂ ਦੇ ਗੇੜੇ ਮਾਰਨ ਅਤੇ ਲੰਮੀਆਂ ਅਰਜ਼ੀ ਪ੍ਰਕਿਰਿਆਵਾਂ ਤੋਂ ਛੁਟਕਾਰਾ ਮਿਲੇਗਾ।

ਪੀ.ਆਰ. ਜਾਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀ ਕੋਈ ਗਾਰੰਟੀ ਨਹੀਂ

ਸਰਕਾਰ ਨੇ ਇਸ ਗੱਲ ’ਤੇ ਖ਼ਾਸ ਜ਼ੋਰ ਦਿੱਤਾ ਹੈ ਕਿ ਇਸ ਨੀਤੀ ਨੂੰ ਪੱਕੇ ਹੋਣ (PR) ਦਾ ਸਿੱਧਾ ਰਸਤਾ ਨਾ ਸਮਝਿਆ ਜਾਵੇ। ਛੇ ਮਹੀਨੇ ਦਾ ਕੋਰਸ ਕਰਨ ਨਾਲ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਵਿੱਚ ਵਾਧੂ ਅੰਕ ਨਹੀਂ ਜੁੜਨਗੇ ਅਤੇ ਨਾ ਹੀ ਇਸ ਦੇ ਆਧਾਰ ’ਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦਾ ਦਾਅਵਾ ਕੀਤਾ ਜਾ ਸਕੇਗਾ। ਪੀ.ਆਰ. ਹਾਸਲ ਕਰਨ ਲਈ ਬਿਨੈਕਾਰਾਂ ਨੂੰ ਮੌਜੂਦਾ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀਆਂ ਸਾਰੀਆਂ ਸ਼ਰਤਾਂ ਪਹਿਲਾਂ ਵਾਂਗ ਹੀ ਪੂਰੀਆਂ ਕਰਨੀਆਂ ਪੈਣਗੀਆਂ। ਹਾਲਾਂਕਿ, ਸਰਕਾਰ ਦੀ 2026-2028 ਦੀ ਯੋਜਨਾ ਅਧੀਨ ਲਗਭਗ 33,000 ਆਰਜ਼ੀ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦਾ ਟੀਚਾ ਜ਼ਰੂਰ ਮਿੱਥਿਆ ਗਿਆ ਹੈ, ਜਿਸ ਵਿੱਚ ਉੱਚ ਯੋਗਤਾ ਵਾਲੇ ਕਾਮਿਆਂ ਨੂੰ ਤਰਜੀਹ ਮਿਲ ਸਕਦੀ ਹੈ।

ਦਸੰਬਰ 2027 ਤੱਕ ਲਾਗੂ ਰਹੇਗੀ ਵਿਵਸਥਾ

ਇਹ ਨਿਯਮ ਸਿਰਫ਼ ਉਨ੍ਹਾਂ ਪ੍ਰਵਾਸੀਆਂ ਲਈ ਹੈ ਜੋ ਇਸ ਵੇਲੇ ਕੈਨੇਡਾ ਦੀ ਧਰਤੀ ’ਤੇ ਮੌਜੂਦ ਹਨ ਅਤੇ ਕੰਮ ਕਰ ਰਹੇ ਹਨ; ਵਿਦੇਸ਼ਾਂ ਵਿੱਚ ਬੈਠੇ ਲੋਕਾਂ ਲਈ ਇਹ ਕੋਈ ਨਵਾਂ ਵੀਜ਼ਾ ਰੂਟ ਨਹੀਂ ਹੈ। ਯੋਗ ਵਰਕਰਾਂ ਨੂੰ ਨੋਟੀਫਿਕੇਸ਼ਨ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਢਿੱਲ 31 ਦਸੰਬਰ, 2027 ਤੱਕ ਅਮਲ ਵਿੱਚ ਰਹੇਗੀ। ਕੈਨੇਡੀਅਨ ਅਰਥਵਿਵਸਥਾ ਵਿੱਚ ਪਹਿਲਾਂ ਤੋਂ ਮੌਜੂਦ ਮਨੁੱਖੀ ਵਸੀਲਿਆਂ ਦੀ ਬਿਹਤਰ ਵਰਤੋਂ ਕਰਨ ਵੱਲ ਇਹ ਇੱਕ ਅਹਿਮ ਪ੍ਰਸ਼ਾਸਨਿਕ ਕਦਮ ਸਾਬਤ ਹੋਵੇਗਾ।

Leave a Comment

Your email address will not be published. Required fields are marked *

Scroll to Top