Punjab ਤੇ Chandigarh ’ਚ ਮੌਸਮ ਦਾ ਮਿਜ਼ਾਜ ਵਿਗੜਿਆ: 12 ਜ਼ਿਲ੍ਹਿਆਂ ਵਿੱਚ ਮੀਂਹ, ਗੜ੍ਹੇਮਾਰੀ ਤੇ ਝੱਖੜ ਦਾ ਅਲਰਟ; ਪਾਰਾ ਡਿੱਗਣ ਨਾਲ ਸਰਦੀ ਨੇ ਦਿੱਤੀ ਦਸਤਕ

rain
Punjab and Chandigarh Weather Update Latest News Today:  ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਸਰਗਰਮ ਹੋਈ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦੇ ਚੱਲਦਿਆਂ ਮੌਸਮ ਵਿਭਾਗ ਨੇ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਤੇਜ਼ ਗਰਜ-ਚਮਕ, ਬਿਜਲੀ ਲਿਸ਼ਕਣ ਅਤੇ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਗੜ੍ਹੇਮਾਰੀ ਹੋਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ। ਮੌਸਮ ਵਿੱਚ ਆਏ ਇਸ ਬਦਲਾਅ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਗੁਲਾਬੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਿਸ ਨਾਲ ਪਾਰਾ ਇਸ ਮੌਸਮ ਦੇ ਆਮ ਪੱਧਰ ‘ਤੇ ਆ ਗਿਆ ਹੈ। ਫ਼ਰੀਦਕੋਟ 34.9 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ। ਆਉਣ ਵਾਲੇ ਦਿਨਾਂ ਦੌਰਾਨ ਸਵੇਰ ਅਤੇ ਰਾਤ ਦੇ ਸਮੇਂ ਠੰਢ ਦਾ ਪ੍ਰਭਾਵ ਹੋਰ ਵਧਣ ਦੀ ਸੰਭਾਵਨਾ ਹੈ।

ਇਨ੍ਹਾਂ 12 ਜ਼ਿਲ੍ਹਿਆਂ ਵਿੱਚ ਚਿਤਾਵਨੀ ਜਾਰੀ

ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਵਿੱਚ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ ਅਤੇ ਮੁਹਾਲੀ ਦੇ ਕੁਝ ਇਲਾਕਿਆਂ ਵਿੱਚ ਦਰਮਿਆਨਾ ਮੀਂਹ ਪੈ ਸਕਦਾ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਲਕੀਆਂ ਬੁਛਾਰਾਂ ਪੈਣ ਦੇ ਆਸਾਰ ਹਨ।

ਇੱਕੋ ਵੇਲੇ ਕਈ ਮੌਸਮੀ ਪ੍ਰਣਾਲੀਆਂ ਸਰਗਰਮ

ਮੌਸਮ ਮਾਹਿਰਾਂ ਮੁਤਾਬਕ ਉੱਤਰੀ ਪਾਕਿਸਤਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਣੀ ਪੱਛਮੀ ਗੜਬੜੀ ਕਾਰਨ ਧਰਤੀ ਤੋਂ 3.1 ਤੋਂ 4.5 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪੱਛਮੀ ਪੌਣਾਂ ਦੇ ਉਪਰਲੇ ਪੱਧਰ ਵਿੱਚ ਇੱਕ ਦਬਾਅ ਰੇਖਾ ਸਰਗਰਮ ਹੈ। ਇਸ ਤੋਂ ਇਲਾਵਾ ਦੱਖਣੀ ਪੰਜਾਬ ਵਿੱਚ 1.5 ਕਿਲੋਮੀਟਰ ਅਤੇ ਉੱਤਰੀ ਹਰਿਆਣਾ ਦੇ ਉੱਪਰ ਕਰੀਬ 0.9 ਕਿਲੋਮੀਟਰ ਦੀ ਉਚਾਈ ‘ਤੇ ਘੁੰਮ ਰਹੀਆਂ ਹਵਾਵਾਂ ਮਿਲ ਕੇ ਬੱਦਲਾਂ ਦੇ ਗਠਨ ਅਤੇ ਤੇਜ਼ ਹਵਾਵਾਂ ਲਈ ਅਨੁਕੂਲ ਹਾਲਾਤ ਪੈਦਾ ਕਰ ਰਹੀਆਂ ਹਨ।

ਨਵੰਬਰ ਦੀ ਸ਼ੁਰੂਆਤ ਤੋਂ ਖ਼ੁਸ਼ਕ ਰਹੇਗਾ ਮੌਸਮ

ਮੌਸਮ ਵਿਭਾਗ ਅਨੁਸਾਰ 31 ਅਕਤੂਬਰ ਤੋਂ ਬਾਅਦ ਬੱਦਲਵਾਈ ਅਤੇ ਮੀਂਹ ਦਾ ਜ਼ੋਰ ਘਟ ਜਾਵੇਗਾ। 1 ਤੋਂ 5 ਨਵੰਬਰ ਦਰਮਿਆਨ ਪੰਜਾਬ ਭਰ ਵਿੱਚ ਮੌਸਮ ਮੁੱਖ ਤੌਰ ’ਤੇ ਸਾਫ਼ ਅਤੇ ਖ਼ੁਸ਼ਕ ਰਹੇਗਾ। ਦਿਨ ਵੇਲੇ ਪੂਰਬੀ ਅਤੇ ਉੱਤਰੀ ਪੰਜਾਬ ਵਿੱਚ ਤਾਪਮਾਨ 28 ਤੋਂ 30 ਡਿਗਰੀ ਅਤੇ ਬਾਕੀ ਹਿੱਸਿਆਂ ਵਿੱਚ 30 ਤੋਂ 32 ਡਿਗਰੀ ਸੈਲਸੀਅਸ ਦਰਮਿਆਨ ਬਣੇ ਰਹਿਣ ਦੀ ਉਮੀਦ ਹੈ।
ਹਾਲਾਂਕਿ, ਰਾਤਾਂ ਕਾਫ਼ੀ ਠੰਢੀਆਂ ਹੋਣਗੀਆਂ। ਉੱਤਰੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ, ਜਦਕਿ ਪਟਿਆਲਾ ਵਿੱਚ 14 ਤੋਂ 16 ਡਿਗਰੀ ਅਤੇ ਸੂਬੇ ਦੇ ਬਾਕੀ ਖੇਤਰਾਂ ਵਿੱਚ ਇਹ 12 ਤੋਂ 14 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੰਬਰ ਮਹੀਨੇ ਦੇ ਆਗਾਜ਼ ਨਾਲ ਹੀ ਦੁਪਹਿਰ ਦੀ ਹਲਕੀ ਨਿੱਘ ਤੋਂ ਬਾਅਦ ਸਵੇਰੇ-ਸ਼ਾਮ ਠੰਢੀਆਂ ਹਵਾਵਾਂ ਸਰਦੀ ਦੀ ਆਮਦ ਨੂੰ ਹੋਰ ਪੁਖ਼ਤਾ ਕਰਨਗੀਆਂ।

Leave a Comment

Your email address will not be published. Required fields are marked *

Scroll to Top