ਦਿੱਲੀ ਕੰਸਰਟ ਤੋਂ ਪਹਿਲਾਂ Diljit Dosanjh ਖ਼ਿਲਾਫ਼ ਸ਼ਿਕਾਇਤ: ਗੀਤਾਂ, ਸਟੇਜ ’ਤੇ ਬੱਚਿਆਂ ਅਤੇ ਬੁਲੇਟ ਬੈਲਟ ਨੂੰ ਲੈ ਕੇ ਇਤਰਾਜ਼; ਪੁਲਿਸ ਦਖ਼ਲ ਦੀ ਮੰਗ

Complaint filed against Diljit Dosanjh ahead of Delhi concert: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਣ ਵਾਲੇ ਲਾਈਵ ਸ਼ੋਅ ਤੋਂ ਠੀਕ ਪਹਿਲਾਂ ਦਿੱਲੀ ਪੁਲਿਸ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ। ਇਸ ਸ਼ਿਕਾਇਤ ਵਿੱਚ ਕੰਸਰਟ ਦੌਰਾਨ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ ‘ਤੇ ਪਾਬੰਦੀ ਲਗਾਉਣ, ਸਟੇਜ ’ਤੇ ਛੋਟੇ ਬੱਚਿਆਂ ਨੂੰ ਸੱਦਣ ਤੋਂ ਰੋਕਣ ਅਤੇ ਨਕਲੀ ਕਾਰਤੂਸਾਂ ਵਾਲੀ ਬੈਲਟ (ਬੁਲੇਟ ਬੈਲਟ) ਦੇ ਪ੍ਰਦਰਸ਼ਨ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।
ਚੰਡੀਗੜ੍ਹ ਦੇ ਵਸਨੀਕ ਡਾ. ਪੰਡਿਤਰਾਓ ਧਰੇਨਵਰ ਨੇ ਦਿੱਲੀ ਦੇ ਸਾਊਥ-ਈਸਟ ਜ਼ਿਲ੍ਹੇ ਦੇ ਡੀਸੀਪੀ ਨੂੰ ਲਿਖਤੀ ਪੱਤਰ ਭੇਜ ਕੇ ਇਸ ਵੱਡੇ ਸਮਾਗਮ ਦੇ ਸਮਾਜਿਕ ਪ੍ਰਭਾਵਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕੰਸਰਟ ਸ਼ੁਰੂ ਹੋਣ ਤੋਂ ਪਹਿਲਾਂ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਦਿੱਲੀ ਪੁਲਿਸ ਵੱਲੋਂ ਇਸ ਸ਼ਿਕਾਇਤ ‘ਤੇ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਜਾਂ ਕਾਰਵਾਈ ਸਾਹਮਣੇ ਨਹੀਂ ਆਈ ਹੈ।

ਨਸ਼ਿਆਂ ਵਾਲੇ ਗੀਤਾਂ ਨੂੰ ਸੂਚੀ ’ਚੋਂ ਕੱਢਣ ਦੀ ਮੰਗ

ਸ਼ਿਕਾਇਤਕਰਤਾ ਨੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਗੀਤਾਂ ‘ਤੇ ਇਤਰਾਜ਼ ਜਤਾਇਆ ਹੈ ਜਿਨ੍ਹਾਂ ਵਿੱਚ ਸ਼ਰਾਬ ਜਾਂ ਅਫ਼ੀਮ ਵਰਗੇ ਨਸ਼ਿਆਂ ਦਾ ਜ਼ਿਕਰ ਆਉਂਦਾ ਹੈ। ਡਾ. ਪੰਡਿਤਰਾਓ ਨੇ ਮੰਗ ਕੀਤੀ ਹੈ ਕਿ “ਪਟਿਆਲਾ ਪੈੱਗ”, “5 ਤਾਰਾ ਠੇਕੇ” ਅਤੇ “ਜੀਭ ਵਿਚੋਂ ਫ਼ੀਮ ਲੱਭੀਏ” ਵਰਗੇ ਗੀਤਾਂ ਨੂੰ ਕੰਸਰਟ ਦੀ ਸੂਚੀ (ਸੈੱਟਲਿਸਟ) ਵਿੱਚ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਲਾਈਵ ਪ੍ਰੋਗਰਾਮ ਦੌਰਾਨ ਗੀਤਾਂ ਦੇ ਬੋਲ ਬਦਲ ਦੇਣਾ ਹੀ ਕਾਫ਼ੀ ਨਹੀਂ ਹੈ, ਸਗੋਂ ਅਜਿਹੇ ਗੀਤਾਂ ਦੀ ਪੇਸ਼ਕਾਰੀ ‘ਤੇ ਮੁਕੰਮਲ ਰੋਕ ਲੱਗਣੀ ਚਾਹੀਦੀ ਹੈ।

ਸਟੇਜ ’ਤੇ ਬੱਚਿਆਂ ਦੀ ਮੌਜੂਦਗੀ ’ਤੇ ਸਵਾਲ

ਪੱਤਰ ਵਿੱਚ ਕੰਸਰਟ ਦੌਰਾਨ ਗਾਇਕ ਵੱਲੋਂ ਛੋਟੇ ਬੱਚਿਆਂ ਨੂੰ ਮੰਚ ’ਤੇ ਲਿਆਉਣ ਦਾ ਵੀ ਵਿਰੋਧ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਵੱਡੇ ਸੰਗੀਤਕ ਸਮਾਗਮਾਂ ਵਿੱਚ 120 ਡੈਸੀਬਲ ਤੋਂ ਵੱਧ ਦਾ ਕੰਨ ਪਾੜਵਾਂ ਸ਼ੋਰ ਅਤੇ 5 ਤੋਂ 30 ਹਰਟਜ਼ ਦੀ ਫ੍ਰੀਕੁਐਂਸੀ ਵਾਲੀਆਂ ਤੇਜ਼ ਫਲੈਸ਼ਿੰਗ ਲਾਈਟਾਂ ਛੋਟੇ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ।

ਨਕਲੀ ਕਾਰਤੂਸਾਂ ਵਾਲੀ ਬੈਲਟ ’ਤੇ ਇਤਰਾਜ਼

ਇਸ ਤੋਂ ਇਲਾਵਾ, ਸ਼ੋਅ ਦੌਰਾਨ ਛਾਤੀ ’ਤੇ ਚਾਂਦੀ ਰੰਗੀ ਨਕਲੀ ਕਾਰਤੂਸਾਂ ਵਾਲੀ ਬੈਲਟ ਪਾਉਣ ਅਤੇ ਹਥਿਆਰਾਂ ਵਰਗੇ ਇਸ਼ਾਰੇ ਕਰਨ ’ਤੇ ਵੀ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਅਜਿਹੇ ਪਹਿਰਾਵੇ ਅਤੇ ਇਸ਼ਾਰੇ ਨੌਜਵਾਨ ਪੀੜ੍ਹੀ ਵਿੱਚ ਗੰਨ ਕਲਚਰ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ।
ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ
ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਡਾ. ਧਰੇਨਵਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਉਸ ਫ਼ੈਸਲੇ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ ‘ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਮਨੋਰਥਾਂ ਨੂੰ ਸਾਹਮਣੇ ਰੱਖਦਿਆਂ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਗਈ ਹੈ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਇਹ ਸ਼ੋਅ ਉਨ੍ਹਾਂ ਦੇ ‘ਔਰਾ ਇੰਡੀਆ ਟੂਰ 2026’ ਦਾ ਹਿੱਸਾ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਪੁਲਿਸ ਇਸ ਸ਼ਿਕਾਇਤ ਦੇ ਆਧਾਰ ‘ਤੇ ਕੋਈ ਹਦਾਇਤ ਜਾਰੀ ਕਰਦੀ ਹੈ ਜਾਂ ਫਿਰ ਸਮਾਗਮ ਪਹਿਲਾਂ ਤੋਂ ਤੈਅ ਰੂਪ-ਰੇਖਾ ਮੁਤਾਬਕ ਹੀ ਨੇਪਰੇ ਚੜ੍ਹੇਗਾ।

Leave a Comment

Your email address will not be published. Required fields are marked *

Scroll to Top