Mad Sandhu Murder Case: ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਮੁੱਖ ਸ਼ੂਟਰ ਕਾਬੂ; ਗੋਲਡੀ ਢਿੱਲੋਂ ਗੈਂਗ ਨਾਲ ਜੁੜੇ ਤਾਰ

Mad Sandhu Murder Case, Ahmedabad Crime Branch Arrests Shooter: ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਸਨਸਨੀਖੇਜ਼ ਕਤਲ ਕਾਂਡ ਵਿੱਚ ਗੁਜਰਾਤ ਦੀ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਸੰਧੂ ‘ਤੇ ਸਿੱਧੀਆਂ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੱਕੀ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਅਜੀਤ ਰਾਜੀਆਂ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ। ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਉਹ ਗੋਲਡੀ ਢਿੱਲੋਂ ਗੈਂਗ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਪਰਮਿੰਦਰ ਨੇ ਹੀ ਵਾਰਦਾਤ ਮੌਕੇ ਸੰਧੂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ ਅਤੇ ਹਮਲੇ ਲਈ ਵਰਤੇ ਗਏ ਮੋਟਰਸਾਈਕਲ ਦਾ ਪ੍ਰਬੰਧ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਇਲਾਕੇ ਵਿੱਚ ਬਾਈਕ ਸਵਾਰ ਦੋ ਹਮਲਾਵਰਾਂ ਨੇ ਮੈਡ ਸੰਧੂ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਗ੍ਰਿਫ਼ਤਾਰੀ ਮਗਰੋਂ ਹੁਣ ਹਮਲੇ ਪਿੱਛੇ ਰਚੀ ਗਈ ਸਮੁੱਚੀ ਸਾਜ਼ਿਸ਼, ਇਸ ਵਿੱਚ ਸ਼ਾਮਲ ਹੋਰ ਸਾਥੀਆਂ ਅਤੇ ਹੱਤਿਆ ਦੇ ਅਸਲ ਮਕਸਦ ਤੋਂ ਪਰਦਾ ਉੱਠਣ ਦੀ ਉਮੀਦ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦਾ ਖ਼ੁਲਾਸਾ ਜਲਦ ਹੀ ਪ੍ਰੈੱਸ ਕਾਨਫ਼ਰੰਸ ਰਾਹੀਂ ਕੀਤਾ ਜਾਵੇਗਾ।
ਮੈਡ ਸੰਧੂ ਡਿਜੀਟਲ ਪਲੇਟਫਾਰਮਾਂ ‘ਤੇ ਮੇਕਅੱਪ ਆਰਟ, ਫੈਸ਼ਨ ਅਤੇ ਲਿੰਗ ਸਮਾਨਤਾ ਵਰਗੇ ਵਿਸ਼ਿਆਂ ‘ਤੇ ਖੁੱਲ੍ਹ ਕੇ ਬੋਲਣ ਕਾਰਨ ਕਾਫ਼ੀ ਮਸ਼ਹੂਰ ਸੀ। ਇੰਸਟਾਗ੍ਰਾਮ ‘ਤੇ ਉਸ ਦੇ 2.2 ਲੱਖ ਤੋਂ ਵੱਧ ਫਾਲੋਅਰਜ਼ ਸਨ ਅਤੇ ਉਹ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ਵਿੱਚ ਬਤੌਰ ਅਦਾਕਾਰ ਵੀ ਨਜ਼ਰ ਆ ਚੁੱਕਾ ਸੀ। ਹਾਲਾਂਕਿ, ਉਸ ਦੀਆਂ ਵੀਡੀਓਜ਼ ਅਤੇ ਪਹਿਰਾਵੇ ਨੂੰ ਲੈ ਕੇ ਅਕਸਰ ਸੋਸ਼ਲ ਮੀਡੀਆ ‘ਤੇ ਬਹਿਸ ਛਿੜਦੀ ਰਹਿੰਦੀ ਸੀ। ਕਤਲ ਤੋਂ ਕੁਝ ਮਹੀਨੇ ਪਹਿਲਾਂ ਇੱਕ ਨਿਹੰਗ ਸਿੰਘ ਨੇ ਵੀ ਉਸ ਦੇ ਪਹਿਰਾਵੇ ਅਤੇ ਸਮੱਗਰੀ ‘ਤੇ ਜਨਤਕ ਇਤਰਾਜ਼ ਜਤਾਇਆ ਸੀ।
ਸ਼ੂਟਰ ਦੀ ਗ੍ਰਿਫ਼ਤਾਰੀ ਨਾਲ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਤੇਜ਼ ਹੋ ਗਈ ਹੈ ਅਤੇ ਪੁਲਿਸ ਟੀਮਾਂ ਹੁਣ ਇਸ ਵਾਰਦਾਤ ਦੇ ਮਾਸਟਰਮਾਈਂਡ ਅਤੇ ਸਰਹੱਦ ਪਾਰ ਜਾਂ ਹੋਰ ਗੈਂਗਸਟਰ ਲਿੰਕਾਂ ਦੀ ਪੈੜ ਨੱਪਣ ਵਿੱਚ ਜੁਟ ਗਈਆਂ ਹਨ।

Leave a Comment

Your email address will not be published. Required fields are marked *

Scroll to Top