Delhi Paharganj Encounter Latest News Today in Punjabi: ਦੇਸ਼ ਦੀ ਰਾਜਧਾਨੀ ਦੇ ਭੀੜ-ਭੜੱਕੇ ਵਾਲੇ ਪਹਾੜਗੰਜ ਖੇਤਰ ਵਿੱਚ ਦੇਰ ਰਾਤ ਸਪੈਸ਼ਲ ਸਟਾਫ਼ ਅਤੇ ਅਪਰਾਧੀਆਂ ਵਿਚਾਲੇ ਹੋਈ ਜ਼ਬਰਦਸਤ ਗੋਲੀਬਾਰੀ ਦੌਰਾਨ ਬਦਨਾਮ ਵਿਕਾਸ ਕਾਲੀਆ ਗਿਰੋਹ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਕੀਤੀ ਜਵਾਬੀ ਫ਼ਾਇਰਿੰਗ ਵਿੱਚ ਦੋਵੇਂ ਮੁਲਜ਼ਮ ਲੱਤਾਂ ਵਿੱਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸੈਂਟਰਲ ਦਿੱਲੀ ਜ਼ਿਲ੍ਹਾ ਪੁਲਿਸ ਮੁਤਾਬਕ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਇਸ ਗੈਂਗ ਦੇ ਸ਼ੂਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਇਲਾਕੇ ਵਿੱਚ ਘੁੰਮ ਰਹੇ ਹਨ। ਸੂਹ ਦੇ ਆਧਾਰ ‘ਤੇ ਸਪੈਸ਼ਲ ਸਟਾਫ਼ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਲ ਵਿਛਾਇਆ। ਜਦੋਂ ਸ਼ੱਕੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਪਿਸਤੌਲਾਂ ਨਾਲ ਸਿੱਧੇ ਫ਼ਾਇਰ ਝੋਕ ਦਿੱਤੇ। ਪੁਲਿਸ ਟੀਮ ਵੱਲੋਂ ਕੀਤੀ ਗਈ ਆਤਮ-ਰੱਖਿਆ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਕੇ ਡਿੱਗ ਪਏ ਅਤੇ ਉਨ੍ਹਾਂ ਨੂੰ ਦਬੋਚ ਲਿਆ ਗਿਆ।
ਧਾਰਮਿਕ ਸ਼ੋਭਾ ਯਾਤਰਾ ਦੌਰਾਨ ਫ਼ਾਇਰਿੰਗ ਮਾਮਲੇ ‘ਚ ਸਨ ਲੋੜੀਂਦੇ
ਪੁਲਿਸ ਰਿਕਾਰਡ ਮੁਤਾਬਕ ਦੋਵੇਂ ਮੁਲਜ਼ਮ ਵਿਕਾਸ ਕਾਲੀਆ ਗਰੋਹ ਦੇ ਪੁਰਾਣੇ ਹਿਸਟਰੀਸ਼ੀਟਰ ਹਨ। ਇਹ ਦੋਵੇਂ ਸਤੰਬਰ ਦੇ ਮੱਧ ਵਿੱਚ ਸਦਰ ਬਾਜ਼ਾਰ-ਨਬੀ ਕਰੀਮ ਖੇਤਰ ਵਿੱਚ ਕੱਢੀ ਗਈ ਧਾਰਮਿਕ ਸ਼ੋਭਾ ਯਾਤਰਾ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਫ਼ਰਾਰ ਚੱਲ ਰਹੇ ਸਨ ਅਤੇ ਪੁਲਿਸ ਨੂੰ ਇਨ੍ਹਾਂ ਦੀ ਲੰਬੇ ਸਮੇਂ ਤੋਂ ਭਾਲ ਸੀ।
ਜਾਂਚ ਅਧਿਕਾਰੀ ਪੁਰਾਣੀ ਫ਼ਾਇਰਿੰਗ ਦੀ ਘਟਨਾ ਪਿੱਛੇ ਚੱਲ ਰਹੀ ਆਪਸੀ ਰੰਜਿਸ਼ ਅਤੇ ਗੈਂਗ ਦੇ ਨੈੱਟਵਰਕ ਨਾਲ ਜੁੜੇ ਹੋਰ ਕੜੀਆਂ ਦੀ ਪੜਤਾਲ ਕਰ ਰਹੇ ਹਨ। ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਕਾਰਤੂਸਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਦਾ ਵੀ ਪਰਦਾਫ਼ਾਸ਼ ਕੀਤਾ ਜਾ ਸਕੇ।



