Goldy Brar Wanted By FBI: ਅਮਰੀਕੀ ਜਾਂਚ ਏਜੰਸੀ FBI ਨੇ ਗੈਂਗਸਟਰ ਗੋਲਡੀ ਬਰਾੜ ਨੂੰ ਚੋਟੀ ਦੇ 10 ਭਗੌੜਿਆਂ ਦੀ ਸੂਚੀ ’ਚ ਪਾਇਆ; 10 ਲੱਖ ਡਾਲਰ ਦਾ ਇਨਾਮ ਐਲਾਨਿਆ

Goldy Brar Wanted By FBI Latest News Today in Punjabi: ਅਮਰੀਕਾ ਦੀ ਸਰਵਉੱਚ ਜਾਂਚ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਕੌਮਾਂਤਰੀ ਪੱਧਰ ‘ਤੇ ਸਰਗਰਮ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ‘ਤੇ ਸ਼ਿਕੰਜਾ ਕੱਸਦਿਆਂ ਉਸ ਨੂੰ ਦੇਸ਼ ਦੇ ਦਸ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ (‘ਟੈੱਨ ਮੋਸਟ ਵਾਂਟਿਡ’) ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ ਮੁੱਖ ਸੰਚਾਲਕ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਸਾਬਤ ਹੋਣ ਵਾਲੀ ਪੁਖ਼ਤਾ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ (ਕਰੀਬ 8.3 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ।
ਜਾਂਚ ਏਜੰਸੀ ਮੁਤਾਬਕ 32 ਸਾਲਾ ਗੋਲਡੀ ਬਰਾੜ ‘ਤੇ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਸੰਗਠਿਤ ਅਪਰਾਧਿਕ ਸਿੰਡੀਕੇਟ ਚਲਾਉਣ, ਨਸ਼ਿਆਂ ਦੀ ਤਸਕਰੀ ਅਤੇ ਵੱਡੇ ਪੱਧਰ ‘ਤੇ ਫਿਰੌਤੀਆਂ ਵਸੂਲਣ ਵਰਗੇ ਗੰਭੀਰ ਫ਼ੈਡਰਲ ਦੋਸ਼ ਆਇਦ ਕੀਤੇ ਗਏ ਹਨ। ਖ਼ੁਫ਼ੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਨੈੱਟਵਰਕ ਉੱਤਰੀ ਅਮਰੀਕਾ ਭਰ ਵਿੱਚ ਮਿੱਥ ਕੇ ਕੀਤੇ ਗਏ ਕਤਲਾਂ, ਅਗਵਾ ਅਤੇ ਹਿੰਸਕ ਗੋਲੀਬਾਰੀਆਂ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਰਿਹਾ ਹੈ।
ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਨੇ ਬਰਾੜ ਨੂੰ ਉੱਤਰੀ ਅਮਰੀਕਾ ਵਿੱਚ ਬਿਸ਼ਨੋਈ ਅਪਰਾਧਿਕ ਗਿਰੋਹ ਦੀ ਰੀੜ੍ਹ ਦੀ ਹੱਡੀ ਮੰਨਿਆ ਹੈ, ਜੋ ਵਿਦੇਸ਼ ਬੈਠ ਕੇ ਵੱਖ-ਵੱਖ ਮੁਲਕਾਂ ਵਿੱਚ ਫੈਲੇ ਆਪਣੇ ਗੁਰਗਿਆਂ ਵਿਚਕਾਰ ਤਾਲਮੇਲ ਅਤੇ ਸੰਚਾਰ ਦੀ ਕਮਾਂਡ ਸੰਭਾਲਦਾ ਸੀ।
ਲਾਸ ਏਂਜਲਸ ਦੀ ਫ਼ੈਡਰਲ ਅਦਾਲਤ ਵਿੱਚ ਉਸ ਖ਼ਿਲਾਫ਼ ਰਿਕੋ (RICO) ਕਾਨੂੰਨ ਅਧੀਨ ਸਾਜ਼ਿਸ਼ ਰਚਣ, ਗ਼ੈਰ-ਕਾਨੂੰਨੀ ਵਸੂਲੀ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਲਤੀ ਫ਼ੈਸਲੇ ਤੱਕ ਇਹ ਸਾਰੇ ਦੋਸ਼ ਕਾਨੂੰਨੀ ਪ੍ਰਕਿਰਿਆ ਅਧੀਨ ਵਿਚਾਰੇ ਜਾਣਗੇ, ਜਦਕਿ ਉਸ ਦੀ ਭਾਲ ਲਈ ਕੌਮਾਂਤਰੀ ਪੱਧਰ ‘ਤੇ ਨਾਕਾਬੰਦੀ ਹੋਰ ਸਖ਼ਤ ਕਰ ਦਿੱਤੀ ਗਈ ਹੈ।

Leave a Comment

Your email address will not be published. Required fields are marked *

Scroll to Top