Pakistan Afghanistan Conflict Latest News Today: ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਖ਼ੂਨੀ ਟਕਰਾਅ ਵਿੱਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਪਾਕਿਸਤਾਨੀ ਫ਼ੌਜ ਨੇ ਅਫ਼ਗਾਨ ਖੇਤਰ ਅੰਦਰ ਨਵੇਂ ਸਿਰਿਓਂ ਜ਼ੋਰਦਾਰ ਹਵਾਈ ਅਤੇ ਡਰੋਨ ਹਮਲੇ ਕਰਨ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਕੀਤੀ ਗਈ ਇਸ ਫ਼ੌਜੀ ਕਾਰਵਾਈ ਦੌਰਾਨ ਅਫ਼ਗਾਨਿਸਤਾਨ ਦਾ ਅਹਿਮ ਦੱਖਣੀ ਸ਼ਹਿਰ ਕੰਧਾਰ ਵੀ ਨਿਸ਼ਾਨੇ ‘ਤੇ ਰਿਹਾ।
ਕੰਧਾਰ ਦੇ ਸਥਾਨਕ ਲੋਕਾਂ ਮੁਤਾਬਕ ਆਕਾਸ਼ ਵਿੱਚ ਲੜਾਕੂ ਜਹਾਜ਼ਾਂ ਦੀ ਗੂੰਜ ਮਗਰੋਂ ਜ਼ਬਰਦਸਤ ਧਮਾਕਾ ਹੋਇਆ ਅਤੇ ਇਲਾਕੇ ਵਿੱਚ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਫ਼ੌਜ ਨੇ ਸਰਹੱਦ ਪਾਰ 10 ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸਲਾਮਾਬਾਦ ਦਾ ਕਹਿਣਾ ਹੈ ਕਿ ਇਹ ਹਮਲੇ ਪਾਕਿਸਤਾਨ ਦੀ ਕੌਮੀ ਸੁਰੱਖਿਆ ਨੂੰ ਦਰਪੇਸ਼ ਖ਼ਤਰਿਆਂ ਦੇ ਜਵਾਬ ਵਜੋਂ ਕੀਤੇ ਗਏ ਹਨ।
ਪੂਰਬੀ ਸੂਬਿਆਂ ਵਿੱਚ ਵੀ ਬੰਬਾਰੀ
ਦੂਜੇ ਪਾਸੇ, ਅਫ਼ਗਾਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ਾਂ ਨੇ ਪੂਰਬੀ ਸੂਬਿਆਂ ਪਕਤੀਆ ਅਤੇ ਖੋਸਤ ਵਿੱਚ ਵੀ ਬੰਬ ਸੁੱਟੇ ਹਨ। ਪਕਤੀਆ ਵਿਖੇ 203ਵੇਂ ਮਨਸੂਰੀ ਕੋਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਖੋਸਤ ਪ੍ਰਸ਼ਾਸਨ ਨੇ ਕਿਸੇ ਜਾਨੀ ਨੁਕਸਾਨ ਤੋਂ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਵੀ ਪਾਕਿਸਤਾਨ ਵੱਲੋਂ ਅਜਿਹੀ ਹੀ ਕਾਰਵਾਈ ਕੀਤੀ ਗਈ ਸੀ, ਜਿਸ ਵਿੱਚ 28 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ, ਹਾਲਾਂਕਿ ਸੰਯੁਕਤ ਰਾਸ਼ਟਰ ਮੁਤਾਬਕ ਉਸ ਹਮਲੇ ਵਿੱਚ ਤਿੰਨ ਨਾਗਰਿਕਾਂ ਦੀ ਜਾਨ ਗਈ ਸੀ।
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਬਣਿਆ ਵਿਵਾਦ ਦੀ ਜੜ੍ਹ
ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦਾ ਮੁੱਖ ਕਾਰਨ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ (ਟੀਟੀਪੀ) ਦੀਆਂ ਗਤੀਵਿਧੀਆਂ ਹਨ। ਇਸਲਾਮਾਬਾਦ ਦਾ ਦੋਸ਼ ਹੈ ਕਿ ਤਾਲਿਬਾਨ ਸਰਕਾਰ ਟੀਟੀਪੀ ਦੇ ਲੜਾਕਿਆਂ ਨੂੰ ਸ਼ਰਨ ਅਤੇ ਜ਼ਮੀਨ ਮੁਹੱਈਆ ਕਰਵਾ ਰਹੀ ਹੈ, ਜਿੱਥੋਂ ਉਹ ਪਾਕਿਸਤਾਨ ਅੰਦਰ ਹਮਲੇ ਵਿੱਢਦੇ ਹਨ। ਇਸ ਦੇ ਉਲਟ, ਕਾਬੁਲ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪਾਕਿਸਤਾਨ ‘ਤੇ ਅਫ਼ਗਾਨ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਨ ਦੇ ਦੋਸ਼ ਲਾ ਰਹੀ ਹੈ।
ਉੱਤਰੀ ਪਾਕਿਸਤਾਨ ਵਿੱਚ ਪੁਲਿਸ ਹੈੱਡਕੁਆਰਟਰ ‘ਤੇ ਹੋਏ ਆਤਮਘਾਤੀ ਹਮਲੇ ਵਿੱਚ 31 ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਵਿਵਾਦ ਹੋਰ ਭਖ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਟੀਟੀਪੀ ਨਾਲ ਜੁੜੇ ਗਰੁੱਪ ਨੇ ਲਈ ਸੀ। ਭਾਵੇਂ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਜੰਗਬੰਦੀ ਲਈ ਗੱਲਬਾਤ ਹੋਈ ਸੀ ਅਤੇ ਕਈ ਦੇਸ਼ਾਂ ਨੇ ਵਿਚੋਲਗੀ ਦੀ ਕੋਸ਼ਿਸ਼ ਵੀ ਕੀਤੀ, ਪਰ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਅਮਨ-ਸ਼ਾਂਤੀ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀਆਂ ਹਨ। ਕੰਧਾਰ ਵਰਗੇ ਵੱਡੇ ਸ਼ਹਿਰਾਂ ‘ਤੇ ਹੋਏ ਤਾਜ਼ਾ ਹਮਲਿਆਂ ਨੇ ਦੋਹਾਂ ਗੁਆਂਢੀਆਂ ਵਿਚਾਲੇ ਪੂਰਨ ਜੰਗ ਦਾ ਖ਼ਤਰਾ ਵਧਾ ਦਿੱਤਾ ਹੈ।



