Amritsar News Today: ਸਰਹੱਦ ਪਾਰੋਂ ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਨੇ ਇੱਕ ਸ਼ੱਕੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 27 ਕਿੱਲੋ ਹੈਰੋਇਨ, ਇੱਕ ਵਿਦੇਸ਼ੀ ਮਾਰਕਾ .30 ਬੋਰ PX5 ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ।
ਮੁੱਢਲੀ ਜਾਂਚ ਅਨੁਸਾਰ, ਮੁਲਜ਼ਮ ਕਥਿਤ ਤੌਰ ‘ਤੇ ਦੁਬਈ ਵਿੱਚ ਬੈਠੇ ਇੱਕ ਸੰਚਾਲਕ (ਆਪਰੇਟਿਵ) ਅਤੇ ਸਰਹੱਦ ਪਾਰਲੇ ਤਸਕਰਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਗਿਰੋਹ ਖ਼ੇਪ ਹਾਸਲ ਕਰਨ ਅਤੇ ਬਾਅਦ ਵਿੱਚ ਦੁਬਈ ਸਥਿਤ ਸੰਚਾਲਕ ਦੀਆਂ ਹਦਾਇਤਾਂ ‘ਤੇ ਇਸ ਦੀ ਅੱਗੇ ਸਪਲਾਈ ਕਰਨ ਵਿੱਚ ਸ਼ਾਮਲ ਸੀ।
ਹੈਰੋਇਨ ਅਤੇ ਆਧੁਨਿਕ ਹਥਿਆਰ ਦੀ ਬਰਾਮਦਗੀ ਮਗਰੋਂ ਜਾਂਚ ਏਜੰਸੀਆਂ ਇਸ ਕਥਿਤ ਤਸਕਰੀ ਪਿੱਛੇ ਸਰਗਰਮ ਪੂਰੇ ਨੈੱਟਵਰਕ ਦੀ ਘੋਖ ਕਰ ਰਹੀਆਂ ਹਨ। ਅਧਿਕਾਰੀ ਹੁਣ ਇਸ ਮਾਮਲੇ ਦੇ ਪਿਛਲੇ ਅਤੇ ਅਗਲੇ ਸਬੰਧਾਂ (ਬੈਕਵਰਡ ਅਤੇ ਫਾਰਵਰਡ ਲਿੰਕੇਜ) ਦੀ ਪੈੜ ਨੱਪਣ ਅਤੇ ਇਸ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਵਿੱਚ ਜੁਟੇ ਹੋਏ ਹਨ।
ਇਸ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਸ ਜਾਂਚ ਵਿੱਚ ਮੁੱਖ ਧਿਆਨ ਨਸ਼ਿਆਂ ਅਤੇ ਹਥਿਆਰ ਦੇ ਸਰੋਤ, ਉਨ੍ਹਾਂ ਦੀ ਢੋਆ-ਢੁਆਈ ਲਈ ਵਰਤੇ ਗਏ ਰਸਤਿਆਂ, ਅਤੇ ਗ੍ਰਿਫ਼ਤਾਰ ਕੀਤੇ ਸ਼ੱਕੀਆਂ, ਦੁਬਈ ਸਥਿਤ ਸੰਚਾਲਕ ਅਤੇ ਸਰਹੱਦ ਪਾਰਲੇ ਤਸਕਰਾਂ ਵਿਚਾਲੇ ਕਥਿਤ ਸਬੰਧਾਂ ‘ਤੇ ਕੇਂਦਰਿਤ ਰਹਿਣ ਦੀ ਉਮੀਦ ਹੈ।
ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਸਰਹੱਦ ਪਾਰ ਤਸਕਰੀ, ਨਸ਼ਾ ਤਸਕਰੀ, ਗ਼ੈਰ-ਕਾਨੂੰਨੀ ਅਸਲਾ ਸਪਲਾਈ ਅਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਨੂੰ ਨੱਥ ਪਾਉਣ ਲਈ ਲਗਾਤਾਰ ਵਿੱਢੇ ਯਤਨਾਂ ਤਹਿਤ ਸਾਹਮਣੇ ਆਈ ਹੈ।



