Punjab Power Crisis Latest News Today in Punjabi: ਪੰਜਾਬ ਅੰਦਰ ਬਿਜਲੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਖ਼ਪਤ ਰਿਕਾਰਡ ਤੋੜ ਰਹੀ ਹੈ ਅਤੇ ਦੂਜੇ ਪਾਸੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਤੇਜ਼ੀ ਨਾਲ ਘਟ ਰਿਹਾ ਹੈ। ਇਸ ਪਾੜੇ ਕਾਰਨ ਪਾਵਰਕੌਮ ਨੂੰ ਸੂਬੇ ਭਰ ਵਿੱਚ ਅਣ-ਐਲਾਨੀ ਬਿਜਲੀ ਕਟੌਤੀ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਦੀ ਸਭ ਤੋਂ ਵੱਡੀ ਮਾਰ ਉਦਯੋਗਾਂ, ਕਿਸਾਨਾਂ ਅਤੇ ਆਮ ਸ਼ਹਿਰੀ ਖ਼ਪਤਕਾਰਾਂ ‘ਤੇ ਪੈ ਰਹੀ ਹੈ।
ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਮੁੱਖ ਉਦਯੋਗਿਕ ਕੇਂਦਰਾਂ ਵਿੱਚ ਹਾਲਾਤ ਬਦਤਰ ਹੋ ਚੁੱਕੇ ਹਨ, ਜਿੱਥੇ ਕਈ ਫੈਕਟਰੀ ਖੇਤਰਾਂ ਵਿੱਚ 10 ਤੋਂ 11 ਘੰਟੇ ਲੰਮੇ ਬਿਜਲੀ ਕੱਟ ਝੱਲਣੇ ਪੈ ਰਹੇ ਹਨ। ਸ਼ਹਿਰਾਂ ਵਿੱਚ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਬੱਤੀ ਗੁੱਲ ਰਹਿ ਰਹੀ ਹੈ, ਜਦਕਿ ਪਿੰਡਾਂ ਵਿੱਚ ਵੀ ਘੰਟਾ-ਘੰਟਾ ਬਿਜਲੀ ਬੰਦ ਰਹਿਣ ਦੀਆਂ ਖ਼ਬਰਾਂ ਹਨ। ਖੇਤਾਂ ਵਿੱਚ ਝੋਨੇ ਨੂੰ ਪਾਣੀ ਲਾਉਣ ਲਈ ਟਿਊਬਵੈੱਲ ਨਾ ਚੱਲਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ।
ਸਵੇਰੇ 8 ਵਜੇ ਹੀ ਮੰਗ 15,762 ਮੈਗਾਵਾਟ ਦਰਜ, ਕੇਂਦਰ ‘ਤੇ 70% ਨਿਰਭਰਤਾ
ਪੀਐੱਸਪੀਸੀਐੱਲ ਦੇ ਤਾਜ਼ਾ ਰਿਕਾਰਡ ਮੁਤਾਬਕ ਐਤਵਾਰ ਸਵੇਰੇ 8 ਵਜੇ ਸੂਬੇ ਵਿੱਚ ਬਿਜਲੀ ਦੀ ਲੋੜ 15,762 ਮੈਗਾਵਾਟ ਤੱਕ ਪਹੁੰਚ ਗਈ।
-
ਪੰਜਾਬ ਆਪਣੇ ਪੱਧਰ ’ਤੇ ਸਿਰਫ਼ 4,626 ਮੈਗਾਵਾਟ ਬਿਜਲੀ ਹੀ ਪੈਦਾ ਕਰ ਰਿਹਾ ਸੀ।
-
ਕੇਂਦਰੀ ਗਰਿੱਡ ਤੋਂ 11,138 ਮੈਗਾਵਾਟ ਬਿਜਲੀ ਲਈ ਜਾ ਰਹੀ ਸੀ, ਹਾਲਾਂਕਿ ਸ਼ਡਿਊਲ 11,244 ਮੈਗਾਵਾਟ ਦਾ ਸੀ (ਯਾਨੀ ਲਗਭਗ 106 ਮੈਗਾਵਾਟ ਘੱਟ ਪ੍ਰਾਪਤ ਹੋਈ)।
-
ਸੂਬੇ ਵਿੱਚ ਖ਼ਪਤ ਹੋ ਰਹੀ ਕੁੱਲ ਬਿਜਲੀ ਦਾ 70 ਫ਼ੀਸਦੀ ਤੋਂ ਵੱਧ ਹਿੱਸਾ ਬਾਹਰੀ ਸਰੋਤਾਂ ਰਾਹੀਂ ਖ਼ਰੀਦਿਆ ਜਾ ਰਿਹਾ ਹੈ।
ਪ੍ਰਾਈਵੇਟ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਨਾਮਾਤਰ
ਥਰਮਲ ਪਲਾਂਟਾਂ ਵਿੱਚ ਬਾਲਣ ਦੀ ਘਾਟ ਚਿੰਤਾ ਦਾ ਮੁੱਖ ਕਾਰਨ ਬਣੀ ਹੋਈ ਹੈ। ਖ਼ਾਸ ਕਰਕੇ ਨਿੱਜੀ ਪਲਾਂਟਾਂ ਕੋਲ ਕੋਲੇ ਦਾ ਸਟਾਕ ਖ਼ਤਰਨਾਕ ਹੱਦ ਤੱਕ ਹੇਠਾਂ ਆ ਗਿਆ ਹੈ:
-
ਰਾਜਪੁਰਾ ਥਰਮਲ ਪਲਾਂਟ: ਸਿਰਫ਼ 5 ਦਿਨਾਂ ਦਾ ਕੋਲਾ ਬਾਕੀ
-
ਤਲਵੰਡੀ ਸਾਬੋ (ਬਨਾਂਵਾਲੀ): ਕਰੀਬ 9 ਦਿਨਾਂ ਦਾ ਭੰਡਾਰ
-
ਲਹਿਰਾ ਮੁਹੱਬਤ: 12 ਦਿਨਾਂ ਦਾ ਸਟਾਕ
-
ਗੋਇੰਦਵਾਲ ਸਾਹਿਬ: 17 ਦਿਨਾਂ ਦਾ ਕੋਲਾ
-
ਰੋਪੜ ਥਰਮਲ ਪਲਾਂਟ: 62 ਦਿਨਾਂ ਦੇ ਸਟਾਕ ਨਾਲ ਸੁਰੱਖਿਅਤ ਸਥਿਤੀ ਵਿੱਚ
ਸੂਬੇ ਦੀ ਅੱਧੀ ਤੋਂ ਵੱਧ ਥਰਮਲ ਸਪਲਾਈ ਪ੍ਰਾਈਵੇਟ ਪਲਾਂਟਾਂ ‘ਤੇ ਟਿਕੀ ਹੋਈ ਹੈ। ਇਸ ਵੇਲੇ ਤਲਵੰਡੀ ਸਾਬੋ ਤੋਂ 1,129 ਮੈਗਾਵਾਟ ਅਤੇ ਰਾਜਪੁਰਾ ਤੋਂ 990 ਮੈਗਾਵਾਟ ਬਿਜਲੀ ਮਿਲ ਰਹੀ ਹੈ। ਦੂਜੇ ਪਾਸੇ ਸਰਕਾਰੀ ਖੇਤਰ ਦੇ ਪਲਾਂਟਾਂ ਵਿੱਚੋਂ ਲਹਿਰਾ ਮੁਹੱਬਤ 799 ਮੈਗਾਵਾਟ, ਗੋਇੰਦਵਾਲ ਸਾਹਿਬ 516 ਮੈਗਾਵਾਟ ਅਤੇ ਰੋਪੜ 459 ਮੈਗਾਵਾਟ ਉਤਪਾਦਨ ਕਰ ਰਹੇ ਹਨ।
ਮੰਤਰੀ ਸੌਂਦ ਵੱਲੋਂ ਕੇਂਦਰ ਨੂੰ ਪੱਤਰ, 1,051 ਮੈਗਾਵਾਟ ਕੋਟੇ ਦੀ ਮੰਗ
ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਆਸ ਪ੍ਰਗਟਾਈ ਹੈ ਕਿ ਅਗਲੇ 24 ਤੋਂ 48 ਘੰਟਿਆਂ ਵਿੱਚ ਹਾਲਾਤ ਸੁਧਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਪੂਲ ਵਿੱਚੋਂ ਪੰਜਾਬ ਨੂੰ ਉਸ ਦੇ ਬਣਦੇ ਕੋਟੇ ਨਾਲੋਂ ਲਗਭਗ 1,051 ਮੈਗਾਵਾਟ ਬਿਜਲੀ ਘੱਟ ਮਿਲ ਰਹੀ ਹੈ।
ਸੌਂਦ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਊਰਜਾ ਮੰਤਰੀ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਪੰਜਾਬ ਦਾ ਪੂਰਾ ਬਣਦਾ ਹਿੱਸਾ ਬਹਾਲ ਕਰ ਦੇਵੇ ਤਾਂ ਖ਼ਪਤਕਾਰਾਂ ਨੂੰ ਬਿਜਲੀ ਕੱਟਾਂ ਤੋਂ ਫ਼ੌਰੀ ਨਿਜਾਤ ਮਿਲ ਸਕਦੀ ਹੈ। ਖੇਤੀ ਸੈਕਟਰ ਲਈ ਨਿਰਵਿਘਨ ਸਪਲਾਈ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸੰਕਟ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।



