Xi Jinping in Delhi: ਬ੍ਰਿਕਸ ਸੰਮੇਲਨ ਲਈ ਦਿੱਲੀ ਪੁੱਜੇ ਸ਼ੀ ਜਿਨਪਿੰਗ; ਭਾਰਤ-ਚੀਨ ਵਾਰਤਾ ਨੂੰ ਮਿਲੀ ਨਵੀਂ ਰਫ਼ਤਾਰ

Xi Jinping in Delhi For BRICS 2026 Summit latest news: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ (BRICS) ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਦੋ-ਰੋਜ਼ਾ ਭਾਰਤ ਦੌਰਾ ਸ਼ੁਰੂ ਹੋ ਗਿਆ ਹੈ, ਜੋ ਨਵੀਂ ਦਿੱਲੀ ਅਤੇ ਬੀਜਿੰਗ ਵੱਲੋਂ ਆਪਸੀ ਗੱਲਬਾਤ ਜਾਰੀ ਰੱਖਣ ਅਤੇ ਸਹਿਯੋਗ ਦੇ ਖੇਤਰਾਂ ਨੂੰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦਰਮਿਆਨ ਹੋ ਰਿਹਾ ਹੈ।

ਸੱਤ ਸਾਲਾਂ ਬਾਅਦ ਸ਼ੀ ਜਿਨਪਿੰਗ ਦਾ ਇਹ ਪਹਿਲਾ ਭਾਰਤ ਦੌਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਦੇਰ ਬਾਅਦ ਚੀਨੀ ਰਾਸ਼ਟਰਪਤੀ ਨਾਲ ਦੁਵੱਲੀ ਬੈਠਕ ਕਰਨ ਦੀ ਸੰਭਾਵਨਾ ਹੈ, ਜਿਸ ਵਿੱਚ ਵਪਾਰ ਅਤੇ ਨਿਵੇਸ਼ ਸਮੇਤ ਆਰਥਿਕ ਮੁੱਦਿਆਂ ‘ਤੇ ਮੁੱਖ ਤੌਰ ‘ਤੇ ਚਰਚਾ ਹੋ ਸਕਦੀ ਹੈ।

ਇਹ ਵਾਰਤਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਰਾਬਤਾ ਮੁੜ ਤੇਜ਼ ਹੋਇਆ ਹੈ। ਹਾਲ ਹੀ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਬੀਜਿੰਗ ਵਿੱਚ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕੀਤੀ ਸੀ। ਹਾਲਾਂਕਿ, ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਹਾਲੇ ਵੀ ਬਣੀਆਂ ਹੋਈਆਂ ਹਨ, ਖ਼ਾਸ ਤੌਰ ‘ਤੇ ਅਰੁਣਾਚਲ ਪ੍ਰਦੇਸ਼ ਸੈਕਟਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਨੂੰ ਲੈ ਕੇ।

ਸ਼ੀ ਦੇ ਨਾਲ ਚੀਨੀ ਸਰਕਾਰ ਅਤੇ ਵਪਾਰਕ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਇੱਕ ਉੱਚ-ਪੱਧਰੀ ਵਫ਼ਦ ਵੀ ਆਇਆ ਹੈ। ਇਸ ਵਫ਼ਦ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸਿਆਸੀ ਬਿਊਰੋ ਦੀ ਸਥਾਈ ਕਮੇਟੀ ਦੇ ਮੈਂਬਰ ਅਤੇ ਸੀਪੀਸੀ ਕੇਂਦਰੀ ਕਮੇਟੀ ਦੇ ਜਨਰਲ ਦਫ਼ਤਰ ਦੇ ਡਾਇਰੈਕਟਰ ਕਾਈ ਕੀ ਸ਼ਾਮਲ ਹਨ।

ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵੀ ਇਸ ਵਫ਼ਦ ਦਾ ਹਿੱਸਾ ਹਨ। ਵਾਂਗ, ਜੋ ਸੀਪੀਸੀ ਕੇਂਦਰੀ ਕਮੇਟੀ ਦੇ ਪੋਲਿਟ ਬਿਊਰੋ ਮੈਂਬਰ ਹਨ, ਨਵੀਂ ਦਿੱਲੀ ਅਤੇ ਬੀਜਿੰਗ ਵਿਚਾਲੇ ਗੱਲਬਾਤ ਦੇ ਅਹਿਮ ਧੁਰਾ ਰਹੇ ਹਨ।

ਬੀਜਿੰਗ ਨੇ ਮੋਦੀ ਅਤੇ ਸ਼ੀ ਦਰਮਿਆਨ ਹੋਣ ਵਾਲੀ ਇਸ ਮੁਲਾਕਾਤ ਨੂੰ ਲੀਡਰਸ਼ਿਪ ਪੱਧਰ ‘ਤੇ ਲਗਾਤਾਰ ਬਣੇ ਹੋਏ ਰਾਬਤੇ ਦੇ ਹਿੱਸੇ ਵਜੋਂ ਪੇਸ਼ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਦੱਸਿਆ ਕਿ ਕਜ਼ਾਨ ਅਤੇ ਤਿਆਨਜਿਨ ਵਿੱਚ ਹੋਈਆਂ ਮੁਲਾਕਾਤਾਂ ਤੋਂ ਬਾਅਦ ਦੋਵੇਂ ਆਗੂ ਲਗਾਤਾਰ ਤੀਜੇ ਸਾਲ ਆਹਮੋ-ਸਾਹਮਣੇ ਬੈਠ ਰਹੇ ਹਨ।

ਮਾਓ ਅਨੁਸਾਰ, ਚੀਨ ਚਾਹੁੰਦਾ ਹੈ ਕਿ ਦੋਵੇਂ ਧਿਰਾਂ ਆਪਣੇ ਆਗੂਆਂ ਵੱਲੋਂ ਤੈਅ ਕੀਤੀ ਰਣਨੀਤਕ ਦਿਸ਼ਾ ‘ਤੇ ਅਮਲ ਕਰਨ, ਸੰਚਾਰ ਤੇ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਦੇ ਲੰਬੇ ਸਮੇਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਤਭੇਦਾਂ ਦਾ ਢੁਕਵਾਂ ਹੱਲ ਕੱਢਣ।

ਦਿੱਲੀ ਵਿਖੇ ਹੋਣ ਵਾਲੀ ਇਸ ਬੈਠਕ ‘ਤੇ ਸਮੁੱਚੇ ਕੂਟਨੀਤਕ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਤਾਂ ਜੋ ਭਾਰਤ-ਚੀਨ ਆਰਥਿਕ ਭਾਈਵਾਲੀ ਵਿੱਚ ਹੁੰਦੀ ਪ੍ਰਗਤੀ ਦੇ ਨਾਲ-ਨਾਲ ਉਨ੍ਹਾਂ ਮਤਭੇਦਾਂ ਦੇ ਪ੍ਰਬੰਧਨ ਨੂੰ ਸਮਝਿਆ ਜਾ ਸਕੇ ਜੋ ਦੋਵਾਂ ਏਸ਼ੀਆਈ ਤਾਕਤਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ।

Leave a Comment

Your email address will not be published. Required fields are marked *

Scroll to Top