Jalandhar Encounter Latest News Today in Punjabi: ਜਲੰਧਰ ਦਿਹਾਤੀ ਪੁਲਿਸ ਅਤੇ ਇੱਕ ਅਪਰਾਧਿਕ ਗਿਰੋਹ ਦੇ ਮੈਂਬਰ ਵਿਚਾਲੇ ਜਮਸ਼ੇਰਪੁਰ ਸਥਿਤ ਡੇਅਰੀ ਕੰਪਲੈਕਸ ਨੇੜੇ ਹੋਏ ਸਿੱਧੇ ਮੁਕਾਬਲੇ ਦੌਰਾਨ ਇੱਕ ਸ਼ੱਕੀ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਤਰਨਤਾਰਨ ਦੇ ਵਸਨੀਕ ਸੁਖਜਿੰਦਰ ਉਰਫ਼ ਪ੍ਰਿੰਸ ਵਜੋਂ ਹੋਈ ਹੈ, ਜਿਸ ਦੇ ਤਾਰ ਵਿਦੇਸ਼ ਅਧਾਰਤ ਗੈਂਗਸਟਰ ਡੋਨੀ ਬਲ ਗਰੋਹ ਨਾਲ ਜੁੜੇ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਟੀਮਾਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇੱਕ ਸੰਭਾਵੀ ਜੁਰਮ ਦੀ ਸਾਜ਼ਿਸ਼ ਨੂੰ ਟਰੇਸ ਕਰਦਿਆਂ ਮੁਲਜ਼ਮ ਤੱਕ ਪਹੁੰਚੀਆਂ ਸਨ। ਪੁਲਿਸ ਸੁਖਜਿੰਦਰ ਨੂੰ ਲੁਕਾਏ ਗਏ ਹਥਿਆਰਾਂ ਦੀ ਨਿਸ਼ਾਨਦੇਹੀ ਅਤੇ ਬਰਾਮਦਗੀ ਲਈ ਜਮਸ਼ੇਰਪੁਰ ਦੇ ਇਲਾਕੇ ਵਿੱਚ ਲੈ ਕੇ ਆਈ ਸੀ। ਇਸੇ ਦੌਰਾਨ ਮੁਲਜ਼ਮ ਨੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰੀ ਗੱਡੀ ਵਿੱਚੋਂ ਨਿਕਲਦਿਆਂ ਹੀ ਪੁਲਿਸ ਪਾਰਟੀ ’ਤੇ ਫ਼ਾਇਰਿੰਗ ਕਰ ਦਿੱਤੀ।
ਜਵਾਬੀ ਕਾਰਵਾਈ ’ਚ ਚੱਲੀਆਂ ਤਿੰਨ ਗੋਲੀਆਂ
ਅਧਿਕਾਰੀਆਂ ਅਨੁਸਾਰ ਪੁਲਿਸ ਜਵਾਨਾਂ ਨੇ ਬਚਾਅ ਵਿੱਚ ਤੁਰੰਤ ਮੋਰਚਾ ਸੰਭਾਲਦਿਆਂ ਜਵਾਬੀ ਗੋਲੀਆਂ ਚਲਾਈਆਂ, ਜਿਸ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਮੌਕੇ ’ਤੇ ਕੁੱਲ ਤਿੰਨ ਰਾਊਂਡ ਫ਼ਾਇਰ ਹੋਏ। ਜ਼ਖ਼ਮੀ ਹਾਲਤ ਵਿੱਚ ਸੁਖਜਿੰਦਰ ਨੂੰ ਕਾਬੂ ਕਰਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਪੁਲਿਸ ਨਿਗਰਾਨੀ ਹੇਠ ਜ਼ੇਰੇ-ਇਲਾਜ ਹੈ।
ਪਿਸਤੌਲ ਤੇ ਚੱਲਿਆ ਕਾਰਤੂਸ ਬਰਾਮਦ
ਘਟਨਾ ਸਥਾਨ ਤੋਂ ਇੱਕ ਪਿਸਤੌਲ ਅਤੇ ਚੱਲਿਆ ਹੋਇਆ ਖੋਲ੍ਹ ਜ਼ਬਤ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਦਾ ਡੋਨੀ ਬਲ ਨੈੱਟਵਰਕ ਨਾਲ ਸਬੰਧ ਸਾਬਤ ਹੋਇਆ ਹੈ। ਹੁਣ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਖਿੱਤੇ ਵਿੱਚ ਉਸ ਵੱਲੋਂ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਅਤੇ ਇਸ ਨੈੱਟਵਰਕ ਵਿੱਚ ਉਸ ਦੇ ਨਾਲ ਹੋਰ ਕਿਹੜੇ-ਕਿਹੜੇ ਸਥਾਨਕ ਨੌਜਵਾਨ ਸ਼ਾਮਲ ਸਨ।



