ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ 4 ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ



– ਗ੍ਰਿਫਤਾਰ ਕੀਤੇ ਗਏ ਦੋਸ਼ੀ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਖਰੀਦਦੇ ਸਨ ਅਤੇ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦੇ ਸਨ: ਡੀਜੀਪੀ ਗੌਰਵ ਯਾਦਵ


– ਸਾਰੇ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡਾਂ ਦੇ ਵਸਨੀਕ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ


ਚੰਡੀਗੜ੍ਹ/ਅੰਮ੍ਰਿਤਸਰ, 27 ਜੂਨ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ 10 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਫੜੇ ਗਏ ਵਿਅਕਤੀਆਂ ਦੀ ਪਛਾਣ ਰਵੀ ਸਿੰਘ (33) ਅਤੇ ਸ਼ਰਨਬੀਰ ਸਿੰਘ ਉਰਫ਼ ਸੰਨੀ (31) ਦੋਵੇਂ ਵਾਸੀ ਪਿੰਡ ਮਾਹਾਵਾ (ਅੰਮ੍ਰਿਤਸਰ) ਵਜੋਂ ਹੋਈ ਹੈ। ਮਨਪ੍ਰੀਤ ਸਿੰਘ ਉਰਫ ਮੰਨੂ (21) ਵਾਸੀ ਪਿੰਡ ਨਿਹਾਲਾ ਕਿਲਚਾ, ਫਿਰੋਜ਼ਪੁਰ ਅਤੇ ਪਿੱਪਲ ਸਿੰਘ (22) ਵਾਸੀ ਪਿੰਡ ਫਤਿਹਵਾਲਾ ਹਿਠਾੜ, ਫਿਰੋਜ਼ਪੁਰ ਸ਼ਾਮਲ ਹਨ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ .30 ਬੋਰ (ਚੀਨ ਵਿੱਚ ਬਣੇ), ਇੱਕ 9mm ਗਲੋਕ (ਆਸਟ੍ਰੀਆ ਵਿੱਚ ਬਣਿਆ), ਇੱਕ ਹੋਰ 9mm ਪਿਸਤੌਲ, ਪੰਜ .30 ਬੋਰ ਦੇ ਪਿਸਤੌਲ ਅਤੇ ਨੌ ਜਿੰਦਾ ਕਾਰਤੂਸ ਸ਼ਾਮਲ ਹਨ। ਪੁਲੀਸ ਟੀਮਾਂ ਨੇ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ ਅਤੇ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਲਿਆ ਕੇ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਿੱਛੇ-ਪਿੱਛੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੈਰ-ਕਾਨੂੰਨੀ ਹਥਿਆਰਾਂ ਦੀ ਇਸ ਸਪਲਾਈ ਲੜੀ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।
ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਖੁਫੀਆ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਰਵੀ ਸਿੰਘ ਅਤੇ ਸ਼ਰਨਬੀਰ ਉਰਫ਼ ਸੰਨੀ ਨੂੰ ਤਿੰਨ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਖੁਲਾਸੇ ਦੇ ਆਧਾਰ ‘ਤੇ ਦੋ ਹੋਰ ਪਿਸਤੌਲ ਬਰਾਮਦ ਕਰਕੇ ਪੁੱਛਗਿੱਛ ਜਾਰੀ ਰੱਖੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਦੇਸ਼ੀ ਤਸਕਰ ਬਾਰੇ ਹੋਰ ਸੁਰਾਗ ਮਿਲਣ ਤੋਂ ਬਾਅਦ ਤਫ਼ਤੀਸ਼ ਤੇਜ਼ ਕਰਦਿਆਂ ਪੁਲਿਸ ਟੀਮਾਂ ਨੇ ਮਨਪ੍ਰੀਤ ਉਰਫ਼ ਮੰਨੂ ਅਤੇ ਪਿੱਪਲ ਸਿੰਘ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਮੁਲਜ਼ਮ ਮਨਪ੍ਰੀਤ ਮੰਨੂ ਅਤੇ ਪਿੱਪਲ ਸਿੰਘ ਕੋਲੋਂ ਦੋ ਹੋਰ ਪਿਸਤੌਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿੱਚ ਸਰਗਰਮ ਭੂਮਿਕਾ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਸ਼ਰਨਬੀਰ ਉਰਫ਼ ਸੰਨੀ ਅਤੇ ਰਵੀ ਸਿੰਘ ਪਹਿਲਾਂ ਹੀ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਲੋੜੀਂਦੇ ਸਨ।
ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਰੇ ਮੁਲਜ਼ਮ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡਾਂ ਦੇ ਵਸਨੀਕ ਹਨ, ਜਿਸ ਤੋਂ ਉਨ੍ਹਾਂ ਦੀ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਪਹੁੰਚ ਅਤੇ ਸ਼ਮੂਲੀਅਤ ਦਾ ਪਤਾ ਲੱਗਦਾ ਹੈ।
ਇਸ ਸਬੰਧ ਵਿੱਚ ਥਾਣਾ ਛੇਹਰਟਾ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 25 (6, 7, 8) ਅਧੀਨ ਐਫ.ਆਈ.ਆਰ ਨੰਬਰ 140 ਮਿਤੀ 21.06.2026 ਅਤੇ ਐਫ.ਆਈ.ਆਰ ਨੰ: 198 ਮਿਤੀ 22.06.2026 ਅਧੀਨ ਧਾਰਾ 25(8) ਥਾਣਾ ਮਕਸੂਦਾਂ ਥਾਣਾ ਮੱਖੂਸਰ ਵਿਖੇ ਦਰਜ ਕੀਤੀ ਗਈ ਹੈ।

Leave a Comment

Your email address will not be published. Required fields are marked *

Scroll to Top