ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੁਲਿਸ ਅਤੇ ਗਊ ਰੱਖਿਅਕਾਂ ਦੀ ਚੌਕਸੀ ਨੇ ਇੱਕ ਵੱਡੇ ਗਊ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਕ ਮਹਿੰਦਰਾ ਜੀਪ ‘ਚੋਂ ਕਰੀਬ 17 ਕੁਇੰਟਲ ਬੀਫ ਬਰਾਮਦ ਕੀਤਾ ਹੈ। ਇਹ ਖੇਪ ਪੰਜਾਬ ਦੇ ਅੰਮ੍ਰਿਤਸਰ ਤੋਂ ਸਹਾਰਨਪੁਰ, ਉੱਤਰ ਪ੍ਰਦੇਸ਼ ਲਿਜਾਇਆ ਜਾ ਰਿਹਾ ਸੀ।
ਪੁਲੀਸ ਨੇ ਮੌਕੇ ’ਤੇ ਹੀ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵਾਸੀ ਨਿਊ ਪ੍ਰੋਫੈਸਰ ਕਲੋਨੀ, ਪਟਿਆਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿੰਦਰਾ ਜੀਪ ਭਾਰੀ ਮਾਤਰਾ ਵਿੱਚ ਬੀਫ ਨਾਲ ਲੱਦੀ ਹੋਈ ਉੱਤਰ ਪ੍ਰਦੇਸ਼ ਲੈ ਕੇ ਜਾ ਰਹੀ ਹੈ।
ਸੂਚਨਾ ਮਿਲਣ ‘ਤੇ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਦਰਸ਼ਨ ਸਿੰਘ ਨਾਲ ਵੀਰਵਾਰ ਨੂੰ ਲਾਡੋਵਾਲ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ। ਜਿਵੇਂ ਹੀ ਯੂਪੀ ਰਜਿਸਟ੍ਰੇਸ਼ਨ ਨੰਬਰ (UP-11-CT-0682) ਵਾਲੀ ਮਹਿੰਦਰਾ ਜੀਪ ਆਈ ਤਾਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਜੀਪ ‘ਚੋਂ ਕਰੀਬ 17 ਕੁਇੰਟਲ ਬੀਫ ਬਰਾਮਦ ਹੋਇਆ। ਮੌਕੇ ‘ਤੇ ਮੌਜੂਦ ਦੋਵਾਂ ਮੁਲਜ਼ਮਾਂ ਨੂੰ ਤੁਰੰਤ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿੱਕੀ ਕੁਮਾਰ ਅਤੇ ਹੁਸੈਨ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਦੋਵਾਂ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਹੇਲ ਅਤੇ ਸਮੀਰ ਗਊਆਂ ਨੂੰ ਕੱਟ ਕੇ ਜੀਪ ਵਿੱਚ ਬੀਫ ਲੱਦਦੇ ਸਨ। ਫਿਰ ਇਹ ਖੇਪ ਸਹਾਰਨਪੁਰ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਹੰਮਦ ਤਸੀਮ ਅਤੇ ਕੇਸਰ ਨੂੰ ਪਹੁੰਚਾਈ ਜਾਣੀ ਸੀ।
