ਮੰਡੀਆਂ ਵਿੱਚ ਥਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨਹੀਂ ਦੇ ਰਹੀ ਲੋੜੀਂਦੀ ਸਹਾਇਤਾ: ਲਾਲ ਚੰਦ ਕਟਾਰੂਚੱਕ


ਚੰਡੀਗੜ੍ਹ: ਅਨਾਜ ਭੰਡਾਰਨ ਲਈ ਥਾਂ ਦੀ ਘਾਟ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ ਵਿੱਚ ਥਾਂ ਦੀ ਘਾਟ ਦੇ ਮੁੱਖ ਮੁੱਦੇ ਨੂੰ ਹੱਲ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਸਰਕਾਰ ਅੱਗੇ ਲਗਾਤਾਰ ਉਠਾਇਆ ਜਾ ਰਿਹਾ ਹੈ।

ਕੇਂਦਰ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ (FCI) ਨੂੰ ਅਪ੍ਰੈਲ ਅਤੇ ਮਈ, 2026 ਦੇ ਮਹੀਨਿਆਂ ਦੌਰਾਨ ਅਨਾਜ ਦੀ ਸਪੁਰਦਗੀ ਲਈ 860 ਵਿਸ਼ੇਸ਼ ਰੇਲ ਗੱਡੀਆਂ ਅਲਾਟ ਕਰਨ ਲਈ ਬੇਨਤੀ ਕੀਤੀ ਗਈ ਸੀ, ਪਰ FCI ਨੇ ਇਨਕਾਰ ਕਰ ਦਿੱਤਾ। ਸਰਕਾਰ ਵੱਲੋਂ ਇਹ ਗੱਡੀਆਂ ਲੋੜੀਂਦੀ ਗਿਣਤੀ ਵਿੱਚ ਮੁਹੱਈਆ ਨਹੀਂ ਕਰਵਾਈਆਂ ਗਈਆਂ ਹਨ, ਜਿਸ ਕਾਰਨ ਇੱਕ ਹਫ਼ਤੇ ਵਿੱਚ 80 ਲੱਖ ਮੀਟ੍ਰਿਕ ਟਨ ਕਣਕ ਦੀ ਭਾਰੀ ਆਮਦ ਹੋਣ ਕਾਰਨ ਮੰਡੀਆਂ ਵਿੱਚ ਫ਼ਸਲਾਂ ਦੀ ਬਰਬਾਦੀ ਦੀ ਸਥਿਤੀ ਬਣੀ ਹੋਈ ਹੈ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਮੰਡੀਆਂ ਵਿੱਚੋਂ ਰੇਲ/ਸੜਕ/ਕੰਟੇਨਰਾਂ ਰਾਹੀਂ ਸਿਰਫ਼ 3.5 ਲੱਖ ਮੀਟ੍ਰਿਕ ਟਨ ਕਣਕ ਸਿੱਧੀ ਚੁੱਕੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮਈ, 2026 ਦੀ ਸ਼ੁਰੂਆਤ ਤੋਂ ਹੁਣ ਤੱਕ ਅਨਾਜ ਦੀ ਸਿੱਧੀ ਡਿਲੀਵਰੀ ਲਈ ਰੋਜ਼ਾਨਾ ਸਿਰਫ਼ ਤਿੰਨ ਤੋਂ ਪੰਜ ਵਿਸ਼ੇਸ਼ ਰੇਲ ਗੱਡੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਪਰੋਕਤ ਹਾਲਾਤਾਂ ਦੇ ਬਾਵਜੂਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਖਰੀਦ ਸੀਜ਼ਨ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਸ਼ੁਰੂ ਕਰਨ ਨੂੰ ਯਕੀਨੀ ਬਣਾਇਆ ਹੈ ਅਤੇ 122 ਲੱਖ ਮੀਟ੍ਰਿਕ ਟਨ (ਐਲਐਮਟੀ) ਕਣਕ ਦੀ ਖਰੀਦ ਦਾ ਟੀਚਾ ਪੂਰਾ ਹੋਣ ਦੇ ਨੇੜੇ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ 121.65 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 120.89 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕੱਲ੍ਹ ਸ਼ਾਮ ਤੱਕ ਖਰੀਦੀ ਗਈ ਕਣਕ ਵਿੱਚੋਂ ਵੱਖ-ਵੱਖ ਸਰਕਾਰੀ ਏਜੰਸੀਆਂ ਨੇ 119.56 ਲੱਖ ਮੀਟ੍ਰਿਕ ਟਨ ਜਦੋਂਕਿ ਵਪਾਰੀਆਂ ਨੇ 133203.15 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ।

ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨ ਵਰਗ ਵੱਲੋਂ ਪੈਦਾ ਕੀਤੇ ਅਨਾਜ ਦਾ ਇੱਕ-ਇੱਕ ਦਾਣਾ ਸਖ਼ਤ ਮਿਹਨਤ ਨਾਲ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Leave a Comment

Your email address will not be published. Required fields are marked *

Scroll to Top