ਭਾਰਤ ਨੇ ਬੁਕਾਰਾਮੰਗਾ, ਕੋਲੰਬੀਆ ਵਿੱਚ ਆਯੋਜਿਤ 56ਵਾਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ (IPhO) 2026 ਜਿੱਤ ਲਿਆ ਹੈ। ਜਾਣਕਾਰੀ ਮੁਤਾਬਕ ਇਸ ਮਹੀਨੇ ਦੀ 4 ਤੋਂ 12 ਤਰੀਕ ਤੱਕ ਕੋਲੰਬੀਆ ਦੇ ਬੁਕਾਰਾਮੰਗਾ ‘ਚ ਆਯੋਜਿਤ 56ਵੇਂ ਇੰਟਰਨੈਸ਼ਨਲ ਫਿਜ਼ਿਕਸ ਓਲੰਪੀਆਡ (IPhO) 2026 ‘ਚ ਪੰਜ ਭਾਰਤੀ ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤੇ ਹਨ।
ਸੋਨ ਤਗਮਾ ਜਿੱਤਣ ਵਾਲਿਆਂ ਵਿਚ ਪੁਣੇ ਤੋਂ ਕਨਿਸ਼ਕ ਜੈਨ, ਇੰਦੌਰ ਤੋਂ ਰਿਧੇਸ਼ ਅਨੰਤ ਬੈਂਡੇਲ, ਨਵੀਂ ਦਿੱਲੀ ਤੋਂ ਰਿਸ਼ਿਤ ਗਰਗ, ਮੁੰਬਈ ਤੋਂ ਸ਼੍ਰੇਸ਼ਠ ਸੁਰੱਈਆ ਅਤੇ ਅਹਿਮਦਾਬਾਦ ਤੋਂ ਸਵਰਿਤ ਜੋਸ਼ੀ ਸ਼ਾਮਲ ਹਨ।
ਇਸ ਪ੍ਰਾਪਤੀ ਦੇ ਨਾਲ, ਭਾਰਤ 87 ਦੇਸ਼ਾਂ ਦੇ 381 ਵਿਦਿਆਰਥੀਆਂ ਵਿੱਚੋਂ ਰੂਸ, ਚੀਨ, ਕਜ਼ਾਕਿਸਤਾਨ, ਦੱਖਣੀ ਕੋਰੀਆ ਅਤੇ ਤਾਈਵਾਨ ਦੇ ਨਾਲ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਹੈ।
ਇਹ ਪ੍ਰਭਾਵਸ਼ਾਲੀ ਪ੍ਰਦਰਸ਼ਨ ਭਾਰਤ ਦੇ ਓਲੰਪੀਆਡ ਪ੍ਰੋਗਰਾਮ ਦੀ ਤਾਕਤ ਨੂੰ ਦਰਸਾਉਂਦਾ ਹੈ, ਜਿਸ ਦੀ ਅਗਵਾਈ ਹੋਮੀ ਭਾਭਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ (HBCSE), ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (TIFR) ਦੇ ਰਾਸ਼ਟਰੀ ਕੇਂਦਰ ਦੁਆਰਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ ਪੰਜ ਸੋਨ ਤਗਮੇ ਜਿੱਤਣ ਲਈ ਭਾਰਤੀ ਦਲ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਪਤੀ ਦੇਸ਼ ਦੀ ਨੌਜਵਾਨ ਸ਼ਕਤੀ ਦੀ ਅਸੀਮ ਸਮਰੱਥਾ ਅਤੇ ਵਿਗਿਆਨ ਅਤੇ ਖੋਜ ਲਈ ਉਨ੍ਹਾਂ ਦੇ ਜਨੂੰਨ ਦੀ ਇੱਕ ਹੋਰ ਉਦਾਹਰਣ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਵੀ ਸ਼ਲਾਘਾਯੋਗ ਹੈ ਕਿ ਪਿਛਲੇ ਦਹਾਕੇ ਦੌਰਾਨ ਭਾਰਤੀ ਵਿਦਿਆਰਥੀਆਂ ਨੇ ਓਲੰਪੀਆਡ ਦੇ ਵੱਖ-ਵੱਖ ਐਡੀਸ਼ਨਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਡਾ: ਅਜੀਤ ਕੁਮਾਰ ਮੋਹੰਤੀ ਨੇ ਵੀ ਤਮਗਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ਨੂੰ ਦੇਸ਼ ਲਈ ਬੜੇ ਮਾਣ ਵਾਲੀ ਗੱਲ ਦੱਸਿਆ |
