ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫਰਜ਼ੀ ਡਿਗਰੀਆਂ ਅਤੇ ਡੀਐਮਸੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਨਾਲ ਸਬੰਧਤ ਫਰਜ਼ੀ ਸਰਟੀਫਿਕੇਟ ਤਿਆਰ ਕਰਕੇ ਸਰਕਾਰੀ ਡਿਜੀਟਲ ਪਲੇਟਫਾਰਮ ‘ਤੇ ਅਪਲੋਡ ਕੀਤੇ ਗਏ ਸਨ, ਜਿਸ ਨੇ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਸਟੇਟ ਸਾਈਬਰ ਕਰਾਈਮ ਥਾਣਾ ਮੁਹਾਲੀ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਈ ਡਿਗਰੀਆਂ ਲਈ ਡੀ.ਐਮ.ਸੀਜ਼ ਅਸਲ ਰਿਕਾਰਡ ਵਿੱਚ ਮੌਜੂਦ ਨਹੀਂ ਸਨ। ਹੈਰਾਨੀ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਅਧਿਕਾਰਤ ਵੈੱਬ ਪੋਰਟਲ ‘ਤੇ ਤਿੰਨ ਵਿਦਿਆਰਥੀਆਂ ਦੇ ਫਰਜ਼ੀ ਡੀਐਮਸੀ ਅਪਲੋਡ ਕੀਤੇ ਗਏ ਸਨ। ਇਸ ਤੋਂ ਇਲਾਵਾ, ਵੈਰੀਫਿਕੇਸ਼ਨ ਬ੍ਰਾਂਚ ਦੀ ਈਮੇਲ ਆਈਡੀ ਤੋਂ ਇੱਕ ਵਿਦੇਸ਼ੀ ਏਜੰਸੀ ਨੂੰ ਭੇਜੀ ਗਈ ਇੱਕ ਸ਼ੱਕੀ ਈਮੇਲ ਨੇ ਸਾਈਬਰ ਹਮਲੇ ਦਾ ਸੰਕੇਤ ਦਿੱਤਾ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਯੂਨੀਵਰਸਿਟੀ ਦਾ ਸਰਵਰ ਦਸੰਬਰ 2025 ਵਿੱਚ ਅਚਾਨਕ ਬੰਦ ਹੋ ਗਿਆ ਸੀ ਅਤੇ ਫੋਰੈਂਸਿਕ ਜਾਂਚ ਵਿੱਚ ਟਰੋਜਨ ਮਾਲਵੇਅਰ ਦੀ ਮੌਜੂਦਗੀ ਵੀ ਪਾਈ ਗਈ ਸੀ, ਜਿਸ ਨਾਲ ਡੇਟਾ ਟੈਂਪਰਿੰਗ ਦੇ ਸ਼ੱਕ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ। ਪੁਲਿਸ ਨੇ ਗੂਗਲ ਅਤੇ ਹੋਰ ਸਬੰਧਤ ਏਜੰਸੀਆਂ ਤੋਂ ਡਿਜੀਟਲ ਡੇਟਾ ਦੀ ਮੰਗ ਕੀਤੀ ਹੈ, ਜਦਕਿ ਸਰਵਰ ਲੌਗ ਅਤੇ ਈਮੇਲ ਰਿਕਾਰਡ ਵੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪ੍ਰਾਪਤ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਜੀਟਲ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
