ਪੰਜਾਬ ਦਾ ਕਾਮੇਡੀ ਆਈਕਨ: ਜਸਵਿੰਦਰ ਭੱਲਾ ਦੇ ਨਾਂ ‘ਤੇ ਰੱਖਿਆ ਮੋਹਾਲੀ ਚੌਕ –


*•ਕਲਾ, ਥੀਏਟਰ ਅਤੇ ਸਿਨੇਮਾ ਵਿਦਿਆਰਥੀ ਦੇ ਸ਼ਖਸੀਅਤ ਦੇ ਵਿਕਾਸ ਦੀ ਕੁੰਜੀ: ਤਰੁਨਪ੍ਰੀਤ ਸਿੰਘ ਸੌਂਦ*

*ਕਲਾ ਅਤੇ ਸੱਭਿਆਚਾਰ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਮੰਤਰੀ ਸੋਂਦ

ਵਿਧਾਇਕ ਮੁਹਾਲੀ ਕੁਲਵੰਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਰਹੂਮ ਡਾ: ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ |

ਚੰਡੀਗੜ੍ਹ/ਐਸ.ਏ.ਐਸ.ਨਗਰ, 4 ਮਈ:

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਸੈਕਟਰ-62 ਮੁਹਾਲੀ ਵਿਖੇ ਅੱਜ ਪੰਜਾਬੀ ਸਿਨੇਮਾ ਜਗਤ ਦੇ ਨਾਮਵਰ ਅਦਾਕਾਰ, ਪ੍ਰੋਫੈਸਰ ਅਤੇ ਕਾਮੇਡੀਅਨ ਡਾ: ਜਸਵਿੰਦਰ ਸਿੰਘ ਭੱਲਾ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ “ਡਾ. ਜਸਵਿੰਦਰ ਸਿੰਘ ਭੱਲਾ ਚੌਂਕ” ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਦਾ ਉਦਘਾਟਨ ਮੁਹਾਲੀ ਦੇ ਵਿਧਾਇਕ ਸ: ਕੁਲਵੰਤ ਸਿੰਘ ਨੇ ਕੀਤਾ ਅਤੇ ਪਹਿਲਾ “ਡਾ. ਭੱਲਾ ਯਾਦਗਾਰੀ ਲੈਕਚਰ” ਵੀ ਸੈਰ ਸਪਾਟਾ, ਸੱਭਿਆਚਾਰਕ ਮਾਮਲੇ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਤਰੁਨਪ੍ਰੀਤ ਸਿੰਘ ਸੌਂਦ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ “ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਕਾਸ ਵਿੱਚ ਕਲਾ, ਥੀਏਟਰ ਅਤੇ ਸਿਨੇਮਾ ਦੀ ਭੂਮਿਕਾ” ਵਿਸ਼ੇ ‘ਤੇ ਇੱਕ ਯਾਦਗਾਰੀ ਭਾਸ਼ਣ ਕਰਵਾਇਆ ਗਿਆ, ਜਿੱਥੇ ਵੱਖ-ਵੱਖ ਵਿਦਿਅਕ, ਸੱਭਿਆਚਾਰਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ: ਜਸਵਿੰਦਰ ਸਿੰਘ ਭੱਲਾ ਨੇ ਆਪਣੀ ਬਹੁਪੱਖੀ ਪ੍ਰਤਿਭਾ ਰਾਹੀਂ ਸਿੱਖਿਆ, ਕਲਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਖਸੀਅਤਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾ: ਭੱਲਾ ਦੇ ਨਾਂਅ ‘ਤੇ ਬਣੇ ਚੌਕ ਤੋਂ ਲੰਘਣ ਵਾਲੇ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ |

ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਡਾ.ਭੱਲਾ ਦੇ ਕਰੀਬੀ ਮਿੱਤਰ ਬਾਲ ਮੁਕੰਦ ਸ਼ਰਮਾ ਦੀ ਬੇਨਤੀ ਦਾ ਹਵਾਲਾ ਦਿੰਦੇ ਹੋਏ ਮੰਤਰੀ ਸੋਂਦ ਨੇ ਕਿਹਾ ਕਿ ਪੰਜਾਬੀ ਹਾਸਰਸ ਕਲਾਕਾਰ ਮੇਹਰ ਮਿੱਤਲ, ਜਸਪਾਲ ਭੱਟੀ ਅਤੇ ਡਾ: ਜਸਵਿੰਦਰ ਭੱਲਾ ਦੀ ਯਾਦ ਵਿਚ ਵੱਡਾ ਆਡੀਟੋਰੀਅਮ ਬਣਾਉਣ ਲਈ ਉਹ ਗਮਾਡਾ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਨਗੇ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਸਵਿੰਦਰ ਭੱਲਾ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਸਾਡੇ ਸੱਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਦੇ ਨਾਂਅ ‘ਤੇ ਚੌਕ ਦਾ ਨਾਮਕਰਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਮਹਾਨ ਕਲਾਕਾਰਾਂ ਦੀ ਯਾਦ ਨੂੰ ਜ਼ਿੰਦਾ ਰੱਖਣ ਵਿੱਚ ਸਹਾਈ ਹੁੰਦੇ ਹਨ।

ਇਸ ਸਮਾਗਮ ਵਿੱਚ ਡਾ: ਜਸਵਿੰਦਰ ਸਿੰਘ ਭੱਲਾ ਦੀ ਧਰਮ ਪਤਨੀ ਸ੍ਰੀਮਤੀ ਡਾ. ਪਰਮਦੀਪ ਕੌਰ ਭੱਲਾ, ਸਪੁੱਤਰ ਪੁਖਰਾਜ ਭੱਲਾ, ਬਾਲ ਮੁਕੰਦ ਸ਼ਰਮਾ (ਚੇਅਰਮੈਨ, ਫੂਡ ਕਮਿਸ਼ਨ), ਡਾ: ਅਮਰਪਾਲ ਸਿੰਘ (ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਧਿਕਾਰੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਗਾਇਕ ਸ਼ੈਰੀ ਮਾਨ ਸਮੇਤ ਪੰਜਾਬੀ ਇੰਡਸਟਰੀ ਦੇ ਹੋਰ ਬਹੁਤ ਸਾਰੇ ਕਲਾਕਾਰ ਅਤੇ ਗਾਇਕ, ਵੱਡੀ ਗਿਣਤੀ ਵਿੱਚ ਵਿਦਿਆਰਥੀ, ਸਮਾਜ ਸੇਵੀ ਅਧਿਆਪਕ, ਪਤਵੰਤੇ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top