ਪ੍ਰਧਾਨ ਮੰਤਰੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਯਾਤਰੀਆਂ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ।
ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ ਛਾਉਣੀ ਸਮੇਤ 75 ਮੁਰੰਮਤ ਕੀਤੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। 20 ਰਾਜਾਂ ਵਿੱਚ ਫੈਲੇ 75 ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਨੂੰ ਦਰਸਾਉਂਦਾ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨਾਂ ਦੇ ਨਵੀਨੀਕਰਨ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਲਗਭਗ 1,570 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਗਏ, ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀ-ਅਨੁਕੂਲ ਸਹੂਲਤਾਂ ਵਿੱਚ ਬਦਲ ਦਿੱਤਾ ਗਿਆ ਹੈ। “ਵਿਰਸੇ ਦੇ ਨਾਲ-ਨਾਲ ਵਿਕਾਸ” ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮੁਰੰਮਤ ਕੀਤੇ ਸਟੇਸ਼ਨਾਂ ਵਿੱਚ ਅਜਿਹੇ ਤੱਤ ਸ਼ਾਮਲ ਕੀਤੇ ਗਏ ਹਨ ਜੋ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲਵੇ ਲਾਈਨ ਪ੍ਰਾਜੈਕਟ ਤਹਿਤ ਲਗਭਗ 830 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਦੌਲਤਪੁਰ ਚੌਕ-ਕਰਤੋਲੀ ਨਵੀਂ ਰੇਲਵੇ ਲਾਈਨ ਦਾ ਵੀ ਉਦਘਾਟਨ ਕਰਨਗੇ। ਇਸ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਰੇਲ ਸੰਪਰਕ ਮਜ਼ਬੂਤ ਹੋਵੇਗਾ, ਜਿਸ ਨਾਲ ਹੁਸ਼ਿਆਰਪੁਰ ਅਤੇ ਊਨਾ ਜ਼ਿਲ੍ਹਿਆਂ ਨੂੰ ਫਾਇਦਾ ਹੋਵੇਗਾ। ਇਹ ਨਵੀਂ ਰੇਲ ਲਾਈਨ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਂ ਚਿੰਤਪੁਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਜੋੜਨ ਦੇ ਨਾਲ-ਨਾਲ ਯਾਤਰੀਆਂ ਲਈ ਆਵਾਜਾਈ ਦੇ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਮੁਹੱਈਆ ਕਰਵਾ ਕੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਵਿੱਚ ਸੁਧਾਰ ਕਰੇਗੀ।
ਪ੍ਰਧਾਨ ਮੰਤਰੀ ਕਰਤੋਲੀ-ਅੰਬਾਲਾ ਰੇਲ ਸੇਵਾ ਨੂੰ ਹਰੀ ਝੰਡੀ ਦੇਣਗੇ, ਜਿਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਸੰਪਰਕ ਵਿੱਚ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ (ਛੇਹਰਟਾ)-ਵਾਰਾਣਸੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜੋ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿਚਕਾਰ ਸਿੱਧਾ ਰੇਲ ਲਿੰਕ ਸਥਾਪਤ ਕਰੇਗਾ।
ਪ੍ਰਧਾਨ ਮੰਤਰੀ ਪੰਜਾਬ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 3,070 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਨਵੇਂ ਚਾਰ ਮਾਰਗੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ 30.9 ਕਿਲੋਮੀਟਰ ਲੰਬੇ ਪੈਕੇਜ 6 ਦਾ ਉਦਘਾਟਨ ਕਰਨਗੇ। ਐਕਸਪ੍ਰੈਸਵੇਅ ਦਾ ਇਹ ਭਾਗ ਨਿਰਵਿਘਨ ਅਤੇ ਤੇਜ਼ ਯਾਤਰਾ ਦੀ ਸਹੂਲਤ ਦੇਵੇਗਾ, ਖਾਸ ਤੌਰ ‘ਤੇ ਭਾਰੀ ਵਾਹਨਾਂ ਲਈ, ਜਦੋਂ ਕਿ ਬਾਲਣ ਦੀ ਖਪਤ ਅਤੇ ਵਾਹਨ ਸੰਚਾਲਨ ਲਾਗਤਾਂ ਨੂੰ ਵੀ ਘਟਾਏਗਾ।
ਪ੍ਰਧਾਨ ਮੰਤਰੀ 25.2 ਕਿਲੋਮੀਟਰ, ਛੇ ਮਾਰਗੀ, ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਲੁਧਿਆਣਾ ਅਤੇ ਬਠਿੰਡਾ ਦਰਮਿਆਨ ਯਾਤਰਾ ਦੀ ਦੂਰੀ ਅਤੇ ਸਮਾਂ ਘਟਾਏਗਾ, ਨਾਲ ਹੀ ਹੋਰ ਵੱਡੇ ਆਰਥਿਕ ਹੱਬਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰੇਗਾ।
