ਫਾਜ਼ਿਲਕਾ, 24 ਮਈ
ਆਗਾਮੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਸ਼ਾਂਤਮਈ, ਨਿਰਪੱਖ, ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਅੱਜ ਸ੍ਰੀ ਹਰਪ੍ਰੀਤ ਸਿੰਘ, ਆਈ.ਪੀ.ਐਸ., ਡੀ.ਆਈ.ਜੀ. ਵਿਜੀਲੈਂਸ-ਕਮ-ਚੋਣ ਅਬਜ਼ਰਵਰ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗਗਨ ਅਜੀਤ ਸਿੰਘ ਪੀ.ਪੀ.ਐਸ.ਜੀ. ਦੀ ਹਾਜ਼ਰੀ ਵਿੱਚ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਧਿਕਾਰੀਆਂ, ਐਸ.ਐਚ.ਓਜ਼, ਵੱਖ-ਵੱਖ ਵਿੰਗਾਂ ਦੇ ਇੰਚਾਰਜਾਂ ਅਤੇ ਚੌਕੀ ਮੁਖੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਮੌਜੂਦਾ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਸੰਵੇਦਨਸ਼ੀਲ ਖੇਤਰਾਂ ਦੀ ਪਛਾਣ: ਜ਼ਿਲ੍ਹੇ ਦੇ ਅੰਦਰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਅਤੇ ਪੋਲਿੰਗ ਸਟੇਸ਼ਨਾਂ ਦੀ ਵਿਸ਼ੇਸ਼ ਤੌਰ ‘ਤੇ ਪਛਾਣ ਕਰਕੇ, ਉਥੇ ਵਾਧੂ ਬਲ ਤਾਇਨਾਤ ਕਰਨ ਦੀ ਯੋਜਨਾ ਬਣਾਈ ਗਈ ਸੀ।
ਵਧੇ ਹੋਏ ਸੁਰੱਖਿਆ ਪ੍ਰਬੰਧ: ਚੋਣਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਗੁਆਂਢੀ ਰਾਜਾਂ/ਜ਼ਿਲ੍ਹਿਆਂ ਨਾਲ ਲੱਗਦੀਆਂ ਸਰਹੱਦਾਂ ‘ਤੇ ਦਿਨ-ਰਾਤ ਦੀ ਗਸ਼ਤ, ਹਾਈਟੈਕ ਨਾਕਾਬੰਦੀਆਂ ਅਤੇ ਹੋਰ ਸਖ਼ਤ ‘ਅੰਤਰ-ਰਾਜੀ ਅਤੇ ਅੰਤਰ ਜ਼ਿਲ੍ਹਾ ਨਾਕਾ ਚੈਕਿੰਗ’ ਦੇ ਹੁਕਮ ਦਿੱਤੇ ਗਏ ਸਨ।
ਫਲੈਗ ਮਾਰਚ ਅਤੇ ਪੈਦਲ ਗਸ਼ਤ: ਆਮ ਲੋਕਾਂ ਅਤੇ ਵੋਟਰਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹਿਰਾਂ, ਕਸਬਿਆਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਹੋਰ ਫਲੈਗ ਮਾਰਚ, ਨਾਕਾਬੰਦੀ ਅਤੇ ਪੈਦਲ ਗਸ਼ਤ ਦੇ ਆਦੇਸ਼ ਦਿੱਤੇ ਗਏ ਸਨ।
ਅਸਲਾ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ: ਚੋਣ ਅਬਜ਼ਰਵਰ ਨੇ ਲੋਕਾਂ ਨੂੰ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਪੋਲਿੰਗ ਖੇਤਰਾਂ ਵਿੱਚ ਅਸਲਾ 100 ਫੀਸਦੀ ਜਮ੍ਹਾ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਕੀਤੀ ਜਾਵੇਗੀ ਤਿੱਖੀ ਨਜ਼ਰ: ਚੋਣ ਅਬਜ਼ਰਵਰ ਸ੍ਰੀ ਹਰਪ੍ਰੀਤ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਛੋਟੀ-ਵੱਡੀ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖਣ। ਚੋਣਾਂ ਦੌਰਾਨ ਲੁਭਾਉਣ, ਧਮਕਾਉਣ ਜਾਂ ਕਿਸੇ ਵੀ ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫਾਜ਼ਿਲਕਾ ਪੁਲਿਸ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ, ਸ਼ਾਂਤਮਈ ਅਤੇ ਭੈਅ ਮੁਕਤ ਮਾਹੌਲ ਵਿਚ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜ਼ਿਲ੍ਹੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਫਾਜ਼ਿਲਕਾ ਪੁਲਿਸ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਸ਼ਾਂਤਮਈ ਢੰਗ ਨਾਲ ਨਗਰ ਕੌਂਸਲ ਚੋਣਾਂ ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਿਡਰ ਹੋ ਕੇ ਕਰਨ।
