ਏਅਰ ਇੰਡੀਆ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਸੰਚਾਲਨ ਲਾਗਤਾਂ ਦੇ ਦਬਾਅ ਕਾਰਨ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਏਅਰਲਾਈਨ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ‘ਚ ਕਰੀਬ 27 ਫੀਸਦੀ ਦੀ ਕਟੌਤੀ ਕਰ ਚੁੱਕੀ ਹੈ।
ਏਅਰ ਇੰਡੀਆ ਹਰ ਹਫ਼ਤੇ ਲਗਭਗ 4,400 ਉਡਾਣਾਂ ਚਲਾਉਂਦੀ ਹੈ। ਇਨ੍ਹਾਂ ਵਿੱਚ ਲਗਭਗ 3,600 ਘਰੇਲੂ ਅਤੇ 800 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਏਅਰ ਇੰਡੀਆ ਨੇ ਕਿਹਾ ਕਿ, ਜੂਨ ਅਤੇ ਅਗਸਤ 2026 ਦਰਮਿਆਨ ਕੁਝ ਅੰਤਰਰਾਸ਼ਟਰੀ ਸੇਵਾਵਾਂ ਵਿੱਚ ਪਹਿਲਾਂ ਐਲਾਨ ਕੀਤੇ ਗਏ ਬਦਲਾਅ ਦੇ ਨਾਲ, ਕੁਝ ਘਰੇਲੂ ਮਾਰਗਾਂ ‘ਤੇ ਉਡਾਣਾਂ ਦੀ ਗਿਣਤੀ ਵੀ ਹੁਣ ਅਸਥਾਈ ਤੌਰ ‘ਤੇ ਘਟਾਈ ਜਾ ਰਹੀ ਹੈ।
ਏਅਰਲਾਈਨ ਨੇ ਕਿਹਾ ਕਿ ਇਹ ਫੈਸਲਾ ਈਂਧਨ ਦੀਆਂ ਲਗਾਤਾਰ ਉੱਚੀਆਂ ਕੀਮਤਾਂ ਕਾਰਨ ਵਧ ਰਹੀ ਸੰਚਾਲਨ ਲਾਗਤ ਦੇ ਮੱਦੇਨਜ਼ਰ ਲਿਆ ਗਿਆ ਹੈ। ਕੰਪਨੀ ਮੁਤਾਬਕ ਮੌਜੂਦਾ ਸਥਿਤੀ ਇਸ ਦੇ ਪੂਰੇ ਸੰਚਾਲਨ ਨੂੰ ਪ੍ਰਭਾਵਿਤ ਕਰ ਰਹੀ ਹੈ। ਏਅਰ ਇੰਡੀਆ ਨੇ ਅੱਗੇ ਕਿਹਾ ਕਿ ਉਹ ਯਾਤਰੀਆਂ ਦੀ ਮੰਗ ਅਤੇ ਸੰਚਾਲਨ ਸਥਿਤੀਆਂ ‘ਤੇ ਲਗਾਤਾਰ ਨਜ਼ਰ ਰੱਖੇਗੀ, ਅਤੇ ਸਥਿਤੀ ਦੇ ਆਮ ਹੋਣ ‘ਤੇ ਉਡਾਣਾਂ ਦੀ ਗਿਣਤੀ ਨੂੰ ਫਿਰ ਤੋਂ ਵਧਾਇਆ ਜਾ ਸਕਦਾ ਹੈ।
ਕੰਪਨੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਨੂੰ ਦੂਜੀਆਂ ਉਡਾਣਾਂ ‘ਤੇ ਮੁੜ ਬੁਕਿੰਗ, ਤਰੀਕਾਂ ਬਦਲਣ ਦੀ ਸਹੂਲਤ ਜਾਂ ਪੂਰਾ ਰਿਫੰਡ ਵਰਗੇ ਵਿਕਲਪ ਦਿੱਤੇ ਜਾਣਗੇ।
